ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਫਿਰੌਤੀ ਮੰਗੀ
ਪੱਤਰ ਪ੍ਰੇਰਕ
ਜਲੰਧਰ, 6 ਜੂਨ
ਇੱਥੋਂ ਦੇ ਫੋਕਲ ਪੁਆਇੰਟ ਵਿੱਚ ਸਥਿਤ ਹਿੰਦ ਪੰਪ ਫੈਕਟਰੀ ਦੇ ਮਾਲਕ ਨਰਿੰਦਰ ਸਿੰਘ ਸੱਗੂ ਨੂੰ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਫਿਰੌਤੀ ਮੰਗਣ ਦੀਆਂ ਕਾਲਾਂ ਆਉਣ ਮਗਰੋਂ ਸਿਟੀ ਪੁਲੀਸ ਨੇ ਸ਼ਿਕਾਇਤ ਦਰਜ ਕੀਤੀ ਹੈ। ਇਸ ਤਰ੍ਹਾਂ ਦੀਆਂ ਕਾਲਾਂ ਉਸ ਦੇ ਪੁੱਤਰ ਤਜਿੰਦਰ ਸਿੰਘ ਨੂੰ ਵੀ ਆਈਆਂ ਸਨ। ਜਾਣਕਾਰੀ ਅਨੁਸਾਰ ਸੱਗੂ ਨੂੰ 25 ਮਈ ਨੂੰ ਦੇਰ ਰਾਤ ਵਿਦੇਸ਼ੀ ਨੰਬਰ ਤੋਂ ਕਾਲ ਆਈ ਜਿਸ ਦਾ ਉਹ ਉਸ ਸਮੇਂ ਜਵਾਬ ਨਹੀਂ ਦੇ ਸਕਿਆ। ਥੋੜ੍ਹੀ ਦੇਰ ਬਾਅਦ ਉਸ ਨੂੰ ਉਸੇ ਨੰਬਰ ਤੋਂ ਵਾਰ-ਵਾਰ ਕਾਲਾਂ ਆਈਆਂ। ਜਦੋਂ ਉਸ ਨੇ ਫੋਨ ਚੁੱਕਿਆ ਤਾਂ ਉਸ ਤੋਂ 5 ਕਰੋੜ ਰੁਪਏ ਦੀ ਰਕਮ ਦੀ ਮੰਗ ਕੀਤੀ ਗਈ ਤੇ ਅਜਿਹਾ ਨਾ ਕਰਨ ‘ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਮਗਰੋਂ ਫੋਨ ਕਰਨ ਵਾਲੇ ਨੇ ਨਰਿੰਦਰ ਦੇ ਪੁੱਤਰ ਤਜਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਨਰਿੰਦਰ ਸੱਗੂ ਨੇ ਤੁਰੰਤ ਪੁਲੀਸ ਡਿਵੀਜ਼ਨ ਨੰਬਰ-8 ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਕਾਰਵਾਈ ਕਰਦੇ ਹੋਏ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪੀੜਤ ਨਰਿੰਦਰ ਕਿਹਾ ਕਿ 25 ਮਈ ਦੀ ਰਾਤ ਨੂੰ ਵਿਦੇਸ਼ੀ ਨੰਬਰ ਤੋਂ ਆਏ ਫੋਨ ‘ਤੇ ਉਸ ਤੋਂ ਪੰਜ ਕਰੋੜ ਰੁਪਏ ਦੀ ਰਕਮ ਦੀ ਮੰਗੀ ਗਈ। ਫੋਨ ਕਰਨ ਵਾਲੇ ਨੇ ਅਜਿਹਾ ਨਾ ਕਰਨ ‘ਤੇ ਹੋਣ ਵਾਲੇ ਨੁਕਸਾਨ ਦੀ ਚਿਤਾਵਨੀ ਦਿੱਤੀ।
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਧਮਕੀਆਂ ਦੇਣ ਵਾਲੇ ਬਾਰੇ ਪੜਤਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੱਗੂ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।