ਇਤਿਹਾਸਕ ਥਾਵਾਂ ਦੀ ਸਾਂਭ-ਸੰਭਾਲ ਮੰਗੀ
ਪੱਤਰ ਪ੍ਰੇਰਕ
ਰੂਪਨਗਰ, 5 ਜੁਲਾਈ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਸਥਿਤ ਇਤਿਹਾਸਿਕ ਸਥਾਨਾਂ ਦੀ ਸੰਭਾਲ ਦੀ ਮੰਗ ਕੀਤੀ ਹੈ। ਸ੍ਰੀ ਲਾਲਪੁਰਾ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਰਾਹੀਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ 26 ਅਕਤੂਬਰ 1831 ਨੂੰ ਰੂਪਨਗਰ ਵਿਖੇ ਸਤਲੁਜ ਦਰਿਆ ਦੇ ਕੰਢੇ ਤੇ ਰੂਪਨਗਰ ਵਾਲੇ ਪਾਸੇ ਉਸ ਸਮੇਂ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਇਤਿਹਾਸਕ ਸੰਧੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਸਾਹਿਬ ਨੇ ਸਤਲੁਜ ਦਰਿਆ ਦੇ ਦੂਜੇ ਕੰਢੇ ’ਤੇ ਇੱਕ ਉੱਚੀ ਚੋਟੀ ਖਾਲਸਾ ਰਾਜ ਦੀ ਪ੍ਰਤੀਕ ਫੌਜੀ ਚੌਕੀ ਕਾਇਮ ਕਰਦਿਆਂ ਹੋਇਆਂ ਇੱਥੇ ਝੰਡਾ ਲਹਿਰਾਇਆ ਸੀ। ਸ੍ਰੀ ਲਾਲਪੁਰਾ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਦੋਵੇਂ ਕਿਨਾਰਿਆਂ ਤੇ ਸਥਿਤ ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਅਧੀਨ ਪੈਂਦੇ ਦੋਵੇਂ ਸਥਾਨਾਂ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਸ਼ਰਾਰਤੀ ਅਨਸਰਾਂ ਵੱਲੋਂ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿੱਚ ਲੱਗੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਪਾਸੇ ਸਥਿਤ ਇਤਿਹਾਸਿਕ ਸਥਾਨਾਂ ਨੂੰ ਯਾਦਗਾਰੀ ਸਥਾਨ ਬਣਾਉਂਦੇ ਹੋਏ ਸਾਂਭ-ਸੰਭਾਲ ਦੇ ਵੀ ਉਚੇਚੇ ਪ੍ਰਬੰਧ ਕੀਤੇ ਜਾਣ।