ਕੌਮੀ ਸ਼ਾਹਰਾਹ ਅਥਾਰਿਟੀ ਤੇ ਸੜਕ ਕੰਪਨੀਆਂ ਤੋਂ ਮੁਆਵਜ਼ਾ ਮੰਗਿਆ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 14 ਜੁਲਾਈ
ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਅਤੇ ਲਖਵੀਰ ਸਿੰਘ ਨਾਨੋਵਾਲ ਨੇ ਭਾਰਤ ਮਾਲਾ ਤਹਿਤ ਬਣਾਈਆਂ ਉੱਚੀਆਂ ਸੜਕਾਂ ਕਾਰਨ ਪਾਣੀ ਦੇ ਕੁਦਰਤੀ ਵਹਾਅ ਵਿੱਚ ਪੈਦਾ ਕੀਤੀਆਂ ਰੁਕਾਵਟਾਂ ਕਾਰਨ ਖੇਤਾਂ ਵਿੱਚ ਭਰੇ ਪਾਣੀ ਦੇ ਨਤੀਜੇ ਵਜੋਂ ਹੋਏ ਫ਼ਸਲਾਂ ਦੇ ਨੁਕਸਾਨ ਸਮੇਤ ਹੋਰ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਕੌਮੀ ਸ਼ਾਹਰਾਹ ਅਥਾਰਿਟੀ ਅਤੇ ਸੜਕ ਨਿਰਮਾਣ ਕੰਪਨੀਆਂ ਤੋਂ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਜਿਹੜੇ ਕਿਸਾਨਾਂ ਨੇ ਨਿਗੂਣੇ ਮੁਆਵਜ਼ੇ ਨੂੰ ਠੁਕਰਾ ਕੇ ਹਾਲੇ ਤੱਕ ਚੈੱਕ ਪ੍ਰਾਪਤ ਵੀ ਨਹੀਂ ਕੀਤੇ ਉਨ੍ਹਾਂ ਦੀਆਂ ਜ਼ਮੀਨਾਂ ਵੀ ਜਬਰੀ ਗ੍ਰਹਿਣ ਕੀਤੀਆਂ ਜਾ ਰਹੀਆਂ ਹਨ ਜਦਕਿ ਕਿਸਾਨ-ਮਜ਼ਦੂਰ ਜਥੇਬੰਦੀਆਂ ਉਚਿਤ ਮੁਆਵਜ਼ੇ ਲਈ ਕਰੀਬ ਸਵਾ ਸਾਲ ਤੋਂ ਸੰਘਰਸ਼ ਕਰ ਰਹੀਆਂ ਹਨ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਕੇਂਦਰ ਅਤੇ ਸੂਬਾ ਸਰਕਾਰ ਨੇ ਭਾਰਤ ਮਾਲਾ ਪ੍ਰਾਜੈਕਟ ਦੇ ਨਾਂ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਦਾ ਰੱਜ ਕੇ ਉਜਾੜਾ ਕੀਤਾ ਹੈ।