ਦਲਿਤ ਔਰਤਾਂ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀਆਂ ’ਤੇ ਕਾਰਵਾਈ ਮੰਗੀ
ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੁਲਾਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਪਿੰਡ ਮੰਡੌੜ ਵਿੱਚ ਆਪਣੇ ਤੀਜੇ ਹਿੱਸੇ ਦੀ ਜ਼ਮੀਨ ਦੀ ਮੰਗ ਕਰ ਰਹੀਆਂ ਔਰਤਾਂ ਉੱਪਰ ਪੁਲੀਸ ਦੁਆਰਾ ਸਿਆਸੀ ਤੇ ਪੇਂਡੂ ਚੌਧਰੀਆਂ ਦੀ ਸ਼ਹਿ ਉੱਤੇ ਕੀਤੇ ਜਬਰ ਖ਼ਿਲਾਫ਼ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਮੰਚ ਵੱਲੋਂ ਔਰਤਾਂ ’ਤੇ ਹੋਏ ਕਥਿਤ ਤਸ਼ੱਦਦ ਦੇ ਮਾਮਲੇ ਵਿਚ ਕਾਰਵਾਈ ਕਰਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਪੱਤਰ ਭੇਜਿਆ ਗਿਆ। ਆਗੂਆਂ ਨੇ ਕਿਹਾ ਕਿ ਪੁਲੀਸ ਦੁਆਰਾ ਔਰਤਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਕੁੱਟਿਆ ਗਿਆ। ਇੱਥੋਂ ਤੱਕ ਕਿ ਥਾਣੇ ਵਿੱਚ ਲਿਜਾ ਕੇ ਵੀ ਔਰਤਾਂ ਦੀ ਕੁੱਟਮਾਰ ਕੀਤੀ ਗਈ। ਔਰਤਾਂ ਨਾਲ ਇਸ ਹੋਏ ਘੋਰ ਜਬਰ ਮੌਕੇ ਸਾਰੇ ਕਾਨੂੰਨ ਨੂੰ ਛਿੱਕੇ ਟੰਗਿਆ ਗਿਆ। ਔਰਤਾਂ ਨੂੰ ਮਰਦ ਪੁਲੀਸ ਕਰਮਚਾਰੀਆਂ ਦੁਆਰਾ ਥੱਪੜ ਮਾਰੇ ਗਏ। ਜਥੇਬੰਦੀ ਦੇ ਆਗੂ ਅਮਨਦੀਪ ਕੌਰ ਅਤੇ ਜਸਬੀਰ ਕੌਰ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਮਨੀਪੁਰ ਵਾਲੇ ਘਟਨਾ ਕਰਮ ਉਪਰ ਪ੍ਰਤੀਕਰਮ ਉਠਾ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਵਾਲੇ ਰਾਜ ਵਿੱਚ ਦਲਿਤ ਔਰਤਾਂ ਉੱਪਰ ਤਸ਼ੱਦਦ ਢਾਹਿਆ ਜਾ ਰਿਹਾ ਹੈ। ਆਗੂਆਂ ਨੇ ਇਸ ਸਾਰੇ ਘਟਨਾਕ੍ਰਮ ਦੇ ਸਬੰਧ ਵਿੱਚ ਕਮਿਸ਼ਨ ਅਤੇ ਰਾਸ਼ਟਰੀ ਔਰਤ ਕਮਿਸ਼ਨ ਨੂੰ ਦਖ਼ਲ ਦੇ ਕੇ ਨਿਆਂ ਦੀ ਮੰਗ ਕੀਤੀ।