ਕਾਟ ਲਾ ਕੇ ਕਿਸਾਨਾਂ ਦੀ ਲੁੱਟ ਕਰਨ ਖ਼ਿਲਾਫ਼ ਕਾਰਵਾਈ ਮੰਗੀ
ਗੁਰਿੰਦਰ ਸਿੰਘ
ਲੁਧਿਆਣਾ, 18 ਨਵੰਬਰ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਜ਼ਿਲ੍ਹਾ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਝੋਨੇ ਦੀ ਖਰੀਦ ਮੌਕੇ ਕਟੌਤੀ ਰਾਹੀਂ ਲੁੱਟ ਕਰਨ ਵਾਲੇ ਸ਼ੈਲਰ ਮਾਲਕਾਂ, ਆੜ੍ਹਤੀਆਂ ਤੇ ਇੰਸਪੈਕਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਅਤੇ ਗੁਰਸੇਵਕ ਸਿੰਘ ਸਵੱਦੀ ਦੀ ਅਗਵਾਈ ਹੇਠ ਵਫ਼ਦ ਨੇ ਏਡੀਸੀ ਅਮਰਜੀਤ ਬੈਂਸ ਨੂੰ ਦੱਸਿਆ ਕਿ ਮੁੱਲਾਂਪੁਰ ਅਤੇ ਜ਼ਿਲ੍ਹੇ ਦੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਨਮੀ ਦੀ ਵਧੀ ਦਰ ਬਹਾਨੇ ਜਾਂ ਇੱਕਾ ਦੁੱਕਾ ਦਾਗੀ ਦਾਣੇ ਦੇ ਬਹਾਨੇ ਸ਼ੈਲਰ ਮਾਲਕ, ਆੜ੍ਹਤੀਏ ਤੇ ਇੰਸਪੈਕਟਰ ਰਲ ਮਿਲ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 5 ਤੋਂ 15 ਬੋਰੀ ਪ੍ਰਤੀ ਸੈਂਕੜਾ ਬੋਰੀ ਜਾਂ ਐੱਮਐੱਸਪੀ ਰੇਟਾਂ ’ਚ 320 ਤੋਂ 720 ਰੁਪਏ ਪ੍ਰਤੀ ਕੁਇੰਟਲ ਤੱਕ ਕਾਟ ਲਾਈ ਜਾ ਰਹੀ ਹੈ। ਉਨ੍ਹਾਂ ਕੁੱਝ ਸ਼ੈਲਰ ਮਾਲਕਾਂ ਅਤੇ ਮਾਰਕਫੈਡ ਇੰਸਪੈਕਟਰਾਂ ਦੀ ਨਾਮ ਸਮੇਤ ਸ਼ਿਕਾਇਤ ਕਰਦਿਆਂ ਉਨ੍ਹਾਂ ਖ਼ਿਲਾਫ਼ ਉਚੇਚੇ ਤੌਰ ’ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ। ਵਫ਼ਦ ਨੇ ਨਮੀ ਦੀ ਹੱਦ ਫੌਰੀ ਤੌਰ ’ਤੇ 22 ਫ਼ੀਸਦ ਕਰਵਾਉਣ ਦੀ ਮੰਗ ਉਠਾਉਂਦਿਆਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ। ਵਫਦ ਵਿੱਚ ਅਮਰੀਕ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਜਸਵੰਤ ਸਿੰਘ ਮਾਨ ਤੇ ਕੁਲਜੀਤ ਸਿੰਘ ਬਿਰਕ ਉਚੇਚੇ ਤੌਰ ’ਤੇ ਸ਼ਾਮਲ ਹੋਏ। ਏਡੀਸੀ ਅਮਰਜੀਤ ਬੈਂਸ ਨੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਉਹ ਕਿਸਾਨਾਂ ਦੀ ਲੁੱਟ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਅਤੇ ਝੋਨੇ ਦੀ ਨਮੀ ਵਧਾਉਣ ਸਬੰਧੀ ਉਨ੍ਹਾਂ ਦੀ ਮੰਗ ਸਰਕਾਰ ਅੱਗੇ ਰੱਖਣਗੇ।