For the best experience, open
https://m.punjabitribuneonline.com
on your mobile browser.
Advertisement

ਭੂੰਦੜੀ ਧਰਨੇ ’ਚ ਗੈਸ ਫੈਕਟਰੀਆਂ ਸਬੰਧੀ ਫ਼ੈਸਲਾ ਲੈਣ ਦੀ ਮੰਗ

07:01 AM Sep 23, 2024 IST
ਭੂੰਦੜੀ ਧਰਨੇ ’ਚ ਗੈਸ ਫੈਕਟਰੀਆਂ ਸਬੰਧੀ ਫ਼ੈਸਲਾ ਲੈਣ ਦੀ ਮੰਗ
ਭੂੰਦੜੀ ਪੱਕੇ ਮੋਰਚੇ ’ਚ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਵਾਸੀ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਸਤੰਬਰ
ਨਜ਼ਦੀਕੀ ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਖ਼ਿਲਾਫ਼ ਚੱਲਦੇ ਪੱਕੇ ਮੋਰਚੇ ਦੌਰਾਨ ਅੱਜ ਸਰਕਾਰ ਤੋਂ ਅਜਿਹੀਆਂ ਸਾਰੀਆਂ ਫੈਕਟਰੀਆਂ ਬੰਦ ਕਰਨ ਸਬੰਧੀ ਫੌਰੀ ਫ਼ੈਸਲਾ ਲੈਣ ਦੀ ਮੰਗ ਚੱਕੀ ਗਈ। ਧਰਨਾਕਾਰੀਆਂ ਨੇ ਕਿਹਾ ਕਿ ਪੱਕਾ ਮੋਰਚਾ ਲੱਗੇ ਨੂੰ ਅੱਜ ਪੰਜ ਮਹੀਨੇ ਅਤੇ ਇੱਕੀ ਦਿਨ ਮੁਕੰਮਲ ਹੋ ਗਏ ਹਨ। ਇਸ ਦੌਰਾਨ ਵੋਟਾਂ ਦੇ ਬਾਈਕਾਟ ਤੋਂ ਲੈ ਕੇ ਹਾਕਮ ਧਿਰ ਸਮੇਤ ਹੋਰਨਾਂ ਆਗੂਆਂ ਦੇ ਘਿਰਾਓ, ਕਾਲੀਆਂ ਝੰਡੀਆਂ ਦਿਖਾਉਣ, ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਮੰਤਰੀਆਂ ਤੱਕ ਮੀਟਿੰਗਾਂ ਕਰਨ ਤਕ ਸਭ ਕੁਝ ਕਰਕੇ ਦੇਖਿਆ ਗਿਆ। ਮਾਹਿਰ ਵੀ ਸਰਕਾਰ ਨੂੰ ਇਨ੍ਹਾਂ ਫੈਕਟਰੀਆਂ ਦੇ ਨੁਕਸਾਨ ਤੋਂ ਜਾਣੂ ਕਰਵਾ ਚੁੱਕੇ ਹਨ। ਪਰ ਇਸ ਦੇ ਬਾਵਜੂਦ ਸਰਕਾਰ ਫ਼ੈਸਲਾ ਲੈਣ ’ਚ ਅਸਮਰੱਥ ਜਾਪਦੀ ਹੈ। ਇਉਂ ਲੱਗਦਾ ਹੈ ਜਿਵੇਂ ਸਰਕਾਰ ਕੋਈ ਵੀ ਫ਼ੈਸਲਾ ਲੈਣ ਤੋਂ ਘਬਰਾ ਰਹੀ ਹੋਵੇ।
ਸੰਘਰਸ਼ ਕਮੇਟੀ ਦੇ ਆਗੂ ਡਾ. ਸੁਖਦੇਵ ਭੂੰਦੜੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਬੀਬੀ ਹਰਜਿੰਦਰ ਕੌਰ, ਜਸਵੀਰ ਸਿੰਘ ਸੀਰਾ, ਜਗਤਾਰ ਸਿੰਘ ਮਾੜਾ, ਸੂਬੇਦਾਰ ਕਾਲਾ ਸਿੰਘ, ਗੁਰਮੇਲ ਸਿੰਘ ਸਨੇਤ, ਜਗਰਾਜ ਸਿੰਘ ਦਿਉਲ, ਕੋਮਲਜੀਤ ਸਿੰਘ, ਬੰਤ ਸਿੰਘ, ਮਲਕੀਤ ਸਿੰਘ ਚੀਮਨਾ, ਬਲਜਿੰਦਰ ਸਿੰਘ ਦੌਧਰ ਤੇ ਪੇਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਕਸ਼ਮੀਰ ਸਿੰਘ ਰਾਮਪੁਰਾ, ਜਸਵਿੰਦਰ ਸਿੰਘ ਭਮਾਲ ਤੇ ਹੋਰਨਾਂ ਨੇ ਅੱਜ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਤੇ ਪ੍ਰਸ਼ਾਸਨ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ। ਸਰਕਾਰ ਲੋਕਾਂ ਦੀਆਂ ਦਲੀਲਾਂ ਮੂਹਰੇ ਹਾਰ ਚੁੱਕੀ ਹੈ। ਲੋਕ ਏਕੇ ਨਾਲ ਸੰਘਰਸ਼ ਜਾਰੀ ਹੈ ਜੋ ਇਨ੍ਹਾਂ ਫੈਕਟਰੀਆਂ ਨੂੰ ਪੱਕੇ ਤੌਰ ’ਤੇ ਬੰਦ ਕਰਨ ਨਾਲ ਹੀ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰੋ. ਜਗਮੋਹਨ ਸਿੰਘ ਤੇ ਡਾ. ਬਲਵਿੰਦਰ ਸਿੰਘ ਔਲਖ ਸਮੇਤ ਹੋਰ ਮਾਹਿਰ ਦੱਸ ਚੁੱਕੇ ਹਨ ਕਿ ਵਧੇਰੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ ਪਹਿਲਾਂ ਹੀ ਧਰਤੀ ਦਾ ਪਾਣੀ ਖ਼ਰਾਬ ਹੋ ਚੁੱਕਾ ਹੈ। ਪਰਾਲੀ ਵਰਗੇ ਰਹਿੰਦ ਖੂੰਹਦ ਦੀ ਵਰਤੋਂ ਨਾਲ ਬਾਇਉਗੈਸ ਪਲਾਂਟਾਂ ’ਚ ਪਾਣੀ ਜ਼ਹਿਰੀਲਾ ਹੋਵੇਗਾ ਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਫੈਲਣਗੀਆ। ਪੰਜਾਬ ਪਹਿਲਾਂ ਹੀ ਕੈਂਸਰ ਕਾਰਨ ਰੈੱਡ ਜ਼ੋਨ ‘ਚ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਤਾਂ ਸਾਫ ਕਰੇ ਕਿ ਉਹ ਲੋਕਾਂ ਨਾਲ ਖੜ੍ਹੀ ਹੈ ਜਾਂ ਇਨ੍ਹਾਂ ਫੈਕਟਰੀ ਮਾਲਕਾਂ ਨਾਲ। ਸਟੇਜ ਦੀ ਕਾਰਵਾਈ ਹਰਪ੍ਰੀਤ ਸਿੰਘ ਹੈਪੀ ਨੇ ਚਲਾਈ। ਰਾਮ ਸਿੰਘ ਹਠੂਰ ਤੇ ਰੋਹਿਤ ਨੇ ਇਸ ਸਮੇਂ ਲੋਕਪੱਖੀ ਗੀਤ ਗਾ ਕੇ ਜਾਗਰੂਕ ਕੀਤਾ।

Advertisement

Advertisement
Advertisement
Author Image

Advertisement