ਖਾਦਾਂ ਨਾਲ ਭੇਜਿਆ ਜਾ ਰਿਹਾ ਬੇਲੋੜਾ ਸਾਮਾਨ ਰੋਕਣ ਦੀ ਕੀਤੀ ਮੰਗ
ਪੱਤਰ ਪ੍ਰੇਰਕ
ਭੁੱਚੋ ਮੰਡੀ, 26 ਸਤੰਬਰ
ਪੰਜਾਬ ਫਰਟੀਲਾਈਜ਼ਰ ਪੈਸਟੀਸਾਈਡ ਅਤੇ ਸੀਡ ਐਸੋਸੀਏਸ਼ਨ ਭੁੱਚੋ ਮੰਡੀ ਨੇ ਪ੍ਰਧਾਨ ਮੰਤਰੀ, ਕੇਂਦਰੀ ਖਾਦ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਡਿਸਟ੍ਰੀਬਿਊਟਰਾਂ ਵੱਲੋਂ ਡੀਲਰਾਂ ਨੂੰ ਖਾਦਾਂ ਨਾਲ ਦਿੱਤੇ ਜਾ ਰਹੇ ਬੇਲੋੜੇ ਸਾਮਾਨ ਨੂੰ ਰੋਕਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਵਨ ਗੁਪਤਾ, ਜਨਰਲ ਸਕੱਤਰ ਸੁਨੀਲ ਗਰਗ ਅਤੇ ਖਜ਼ਾਨਚੀ ਯਸ਼ ਸਿੰਗਲਾ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਕਿਹਾ ਕਿ ਥੋਕ ਵਪਾਰੀ ਸਾਨੂੰ ਖਾਦਾਂ ਨਾਲ ਬੇਲੋੜਾ ਸਾਮਾਨ ਭੇਜ ਰਹੇ ਹਨ। ਇਸ ਨਾਲ ਸਾਡੇ ਕਿਸਾਨਾਂ ਨਾਲ ਸਬੰਧ ਖਰਾਬ ਹੋਣ ਕਾਰਨ ਸਾਡੇ ਕਾਰੋਬਾਰ ’ਤੇ ਮਾੜਾ ਅਸਰ ਪਵੇਗਾ। ਇਸ ਦਾ ਕੋਈ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਨੇ ਥੋਕ ਵਪਾਰੀਆਂ ਦੀ ਥਾਂ ਡੀਲਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਵੀ ਸਪਸ਼ਟ ਕੀਤਾ ਕਿ ਡੀਲਰਾਂ ਦਾ ਇਸ ਮਾਮਲੇ ਵਿੱਚ ਕੋਈ ਰੋਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੰਗ ਪੱਤਰ ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਨੂੰ ਵੀ ਸੌਂਪਿਆ ਗਿਆ ਹੈ।