ਨਕਲੀ ਕੀਟਨਾਸ਼ਕ ਅਤੇ ਬੀਜਾਂ ਦੀ ਵਿਕਰੀ ਰੋਕਣ ਦੀ ਮੰਗ
ਗੁਰਿੰਦਰ ਸਿੰਘ
ਲੁਧਿਆਣਾ, 1 ਅਗਸਤ
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਨੇ ਅੱਜ ਮੁੱਖ ਖੇਤੀਬਾੜੀ ਅਫ਼ਸਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਕਿਸਾਨਾਂ ਨੂੰ ਵੇਚੀਆਂ ਜਾ ਰਹੀਆਂ ਨਕਲੀ ਦਵਾਈਆਂ, ਖਾਦਾਂ ਤੇ ਬੀਜਾਂ ਦੀ ਵਿਕਰੀ ਰੋਕਣ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਵਫ਼ਦ ਦੀ ਅਗਵਾਈ ਸੁਰਜੀਤ ਸਿੰਘ ਸੀਲੋਂ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਤੇ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਕੁੱਝ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਖਾਦ, ਦਵਾਈਆਂ ਤੇ ਬੀਜਾਂ ਦੀ ਸਪਲਾਈ ਵਿੱਚ ਨਕਲੀ ਮਾਲ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਮਾਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਜ਼ਿਲ੍ਹਾ ਪੱਧਰੀ ਵੱਡੇ ਗੁਦਾਮਾਂ ਦੀ ਚੈਕਿੰਗ ਕਰ ਕੇ ਉਨ੍ਹਾਂ ਦੇ ਨਮੂਨੇ ਭਰੇ ਜਾਣ ਅਤੇ ਚੈਕਿੰਗ ਸਮੇਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਨਮੂਨੇ ਭਰਨ ਨਾਲ ਕਾਰਵਾਈ ਕੇਵਲ ਦੁਕਾਨਦਾਰ ਉੱਪਰ ਹੁੰਦੀ ਹੈ ਜਦੋਂਕਿ ਕੰਪਨੀਆਂ ਬਚ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਸਹਿਕਾਰੀ ਸੁਸਾਇਟੀਆਂ ’ਤੇ ਖਾਦਾਂ, ਬੀਜਾਂ ਅਤੇ ਦਵਾਈਆਂ ਦੀ ਸਪਲਾਈ ਵਧਾਉਣ, ਕਿਸਾਨਾਂ ਨੂੰ ਖਾਦਾਂ ਦੇ ਨਾਲ ਹੋਰ ਵਾਧੂ ਸਾਮਾਨ ਲੈਣ ਲਈ ਮਜਬੂਰ ਨਾ ਕਰਨ, ਕਿਸਾਨਾਂ ਦੀ ਜਿਣਸ ਕੰਪਿਊਟਰ ਕੰਢੇ ਨਾਲ ਤੋਲਣ, ਖਾਦਾਂ, ਦਵਾਈਆਂ ਤੇ ਬੀਜਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਅਪਰਾਧੀਆਂ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਨਾਲ ਹੱਲ ਕੱਢਿਆ ਜਾਵੇਗਾ।