ਪੰਜਾਬ ਤੋਂ ਤਖ਼ਤ ਹਜ਼ੂਰ ਸਾਹਿਬ ਲਈ ਉਡਾਣਾਂ ਸ਼ੁਰੂ ਕਰਨ ਦੀ ਮੰਗ
ਸੰਤੋਖ ਗਿੱਲ
ਰਾਏਕੋਟ, 4 ਅਗਸਤ
ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕਰ ਕੇ ਪੰਜਾਬ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਲਈ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਡਾ. ਸਿੰਘ ਨੇ ਮੰਤਰੀ ਸਿੰਧੀਆ ਨੂੰ ਕਿਹਾ ਕਿ ਪੰਜਾਬ ਤੋਂ ਹਰ ਸਾਲ ਲੱਖਾਂ ਸਿੱਖ ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਦੇ ਹਨ ਪਰ ਇਸ ਦੇ ਬਾਵਜੂਦ ਨਾਂਦੇੜ ਹਵਾਈ ਅੱਡੇ ਲਈ ਪੰਜਾਬ ਤੋਂ ਕੋਈ ਉਡਾਣਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਨਵੇਂ ਹਵਾਈ ਅੱਡੇ ਬਣਾਏ ਜਾ ਰਹੇ ਹਨ ਅਤੇ ਛੋਟੇ ਸ਼ਹਿਰਾਂ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ਇਹ ਮੰਦਭਾਗਾ ਹੈ ਕਿ ਸਿੱਖ ਧਰਮ ਦੇ ਪਵਿੱਤਰ ਅਸਥਾਨਾਂ ਵਿੱਚੋਂ ਅਹਿਮ ਨਾਂਦੇੜ ਲਈ ਕੋਈ ਹਵਾਈ ਸੰਪਰਕ ਨਹੀਂ ਹੈ। ਉਨ੍ਹਾਂ ਪੰਜਾਬ ਤੋਂ ਨਾਂਦੇੜ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਪੱਤਰ ਵੀ ਲਿਖਿਆ। ਡਾ. ਅਮਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ‘ਆਪ’ ਸਰਕਾਰ ਵੱਲੋਂ 9 ਮਹੀਨੇ ਦੀ ਦੇਰੀ ਬਾਅਦ ਹਲਵਾਰਾ ਹਵਾਈ ਅੱਡੇ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਵਾਈ ਅੱਡੇ ਦੀ ਉਸਾਰੀ ਦਾ ਕੰਮ ਮੁਕੰਮਲ ਹੁੰਦੇ ਸਾਰ ਹੀ ਹਲਵਾਰਾ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣ।