ਬੇਟ ਖੇਤਰ ਵਿੱਚ ਪੁਲੀਸ ਚੌਕੀ ਸਥਾਪਤ ਕਰਨ ਦੀ ਮੰਗ
ਪੱਤਰ ਪ੍ਰੇਰਕ
ਕਾਹਨੂੰਵਾਨ, 3 ਅਪਰੈਲ
ਬੇਟ ਖੇਤਰ ਵਿੱਚ ਵਧ ਰਹੇ ਜੁਰਮ ਨੂੰ ਰੋਕਣ ਲਈ ਇਲਾਕੇ ਦੇ ਲੋਕਾਂ ਨੇ ਪੁਲੀਸ ਚੌਕੀ ਸਥਾਪਤ ਕਰਨ ਦੀ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ। ਇਸ ਸਬੰਧੀ ਸਰਪੰਚ ਜੋਗਿੰਦਰਪਾਲ ਸਿੰਘ ਪਿੰਡ ਨੂੰਨ ਅਤੇ ਆਪ ਆਗੂ ਪ੍ਰੇਮ ਲਾਲ ਨੇ ਦੱਸਿਆ ਕਿ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਦਰਿਆ ਬਿਆਸ ਦੀ ਧੁੱਸੀ ਬੰਨ੍ਹ ਨੇੜੇ ਦੇ ਬੇਟ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਤੇ ਚੋਰੀ ਦੀਆਂ ਵਾਰਦਾਤਾਂ ਵੱਡੇ ਪੱਧਰ ਉੱਤੇ ਵਧ ਗਈਆਂ ਹਨ।
ਉਨ੍ਹਾਂ ਕਿਹਾ ਕਿ ਥਾਣਾ ਇਸ ਇਲਾਕੇ ਤੋਂ ਕਾਫ਼ੀ ਦੂਰ ਪੈ ਜਾਂਦਾ ਹੈ, ਇਸ ਕਰ ਕੇ ਆਏ ਦਿਨ ਕਿਸਾਨਾਂ ਦੀਆਂ ਖੇਤਾਂ ਵਿੱਚੋਂ ਟਿਊਬਵੈੱਲ ਮੋਟਰਾਂ ਚੋਰੀ ਹੋ ਜਾਂਦੀਆਂ ਹਨ। ਪਿੰਡ ਨੂੰਨ ਵਿੱਚ ਪੈਂਦੇ ਨਵੇਂ ਬਣੇ ਆਮ ਆਦਮੀ ਕਲੀਨਿਕ ਵਿੱਚ ਦੋ ਵਾਰ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਆਏ ਦਿਨ ਇਲਾਕੇ ਵਿੱਚ ਲੁੱਟਾਂ ਖੋਹਾਂ ਅਤੇ ਨਸ਼ੇ ਦੀ ਤਸਕਰੀ ਵੱਡੇ ਪੱਧਰ ਉੱਤੇ ਚੱਲ ਰਹੀ ਹੈ। ਉਨ੍ਹਾਂ ਐੱਸਪੀਡੀ ਬਲਵਿੰਦਰ ਸਿੰਘ ਰੰਧਾਵਾ ਨੂੰ ਮੰਗ ਪੱਤਰ ਸੌਂਪਿਆ ਕਿ ਇਲਾਕੇ ਅੰਦਰ ਜੁਰਮ ਨੂੰ ਰੋਕਣ ਲਈ ਬੇਟ ਖੇਤਰ ਦੇ ਪਿੰਡ ਨੂੰਨ ਵਿੱਚ ਪੁਲਿਸ ਚੌਕੀ ਸਥਾਪਿਤ ਕੀਤੀ ਜਾਵੇ। ਮੰਗ ਪੱਤਰ ਦੇਣ ਵਾਲਿਆਂ ਵਿੱਚ ਕਿਸਾਨ ਆਗੂ ਦਲੀਪ ਸਿੰਘ, ਸਰਪੰਚ ਪ੍ਰੇਮ ਸਿੰਘ, ਸਰਪੰਚ ਨਿੰਦਰ ਸਿੰਘ, ਇੰਦਰਪਾਲ ਸਿੰਘ, ਰਜੇਸ਼ ਕੁਮਾਰ, ਵਿਨੋਦ ਕੁਮਾਰ, ਸੋਨਾ ਸਿੰਘ, ਬਲਵੰਤ ਸਿੰਘ, ਰਘਬੀਰ ਸਿੰਘ, ਠਾਕੁਰ ਦਲੇਰ ਸਿੰਘ ਸ਼ਾਮਲ ਸਨ।