ਢੈਪਈ ’ਚ ਸਰਪੰਚ ਦਾ ਅਹੁਦਾ ਅਨੁਸੂਚਿਤ ਜਾਤੀ ਦੀ ਮਹਿਲਾ ਲਈ ਰਾਖ਼ਵਾਂ ਕਰਨ ਦੀ ਮੰਗ
ਪੱਤਰ ਪ੍ਰੇਰਕ
ਜੈਤੋ, 24 ਸਤੰਬਰ
ਉਪ ਮੰਡਲ ਜੈਤੋ ਦੇ ਪਿੰਡ ਢੈਪਈ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਦਰਜਨਾਂ ਵਸਨੀਕਾਂ ਨੇ ਗ੍ਰਾਮ ਪੰਚਾਇਤ ਢੈਪਈ ਦੀਆਂ ਆਗਾਮੀ ਚੋਣਾਂ ਮੌਕੇ ਐਸਸੀ ਵਰਗ ਦੀ ਕਿਸੇ ਔਰਤ ਨੂੰ ਸਰਪੰਚ ਬਣਾਏ ਜਾਣ ਦੀ ਮੰਗ ਕੀਤੀ ਹੈ। ਇਨ੍ਹਾਂ ਸਭ ਨੇ ਇਸ ਸਬੰਧ ’ਚ ਰਾਜ ਚੋਣ ਕਮਿਸ਼ਨ, ਪੰਚਾਇਤ ਮੰਤਰੀ, ਡੀਸੀ ਫ਼ਰੀਦਕੋਟ, ਡੀਡੀਪੀਓ ਫ਼ਰੀਦਕੋਟ, ਬੀਡੀਪੀਓ ਜੈਤੋ ਅਤੇ ਐਸਡੀਐਮ ਨੂੰ ਬਾ-ਦਲੀਲ ਦਰਖ਼ਾਸਤਾਂ ਭੇਜ ਦਿੱਤੀਆਂ ਹਨ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸਤਿਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਕਰਮਜੀਤ ਕੌਰ ਅਤੇ ਰਾਜਵੀਰ ਕੌਰ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਪਿੰਡ ’ਚ ਜਨਰਲ ਵਰਗ ਦੇ ਪੁਰਸ਼ ਅਤੇ ਮਹਿਲਾ ਤੋਂ ਇਲਾਵਾ ਐਸਸੀ ਵਰਗ ਦਾ ਸਰਪੰਚ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਸਸੀ ਵਰਗ ਦੀਆਂ ਬੀਬੀਆਂ ਦੀਆਂ ਵੋਟਾਂ ਵੀ ਜਰਨਲ ਵਰਗ ਦੀਆਂ ਔਰਤਾਂ ਦੇ ਲਗਪਗ ਬਰਾਬਰ ਹੀ ਹਨ, ਪਰ ਐਸਸੀ ਕੈਟਾਗਰੀ ਦੀਆਂ ਔਰਤਾਂ ’ਚੋਂ ਹਾਲੇ ਤੱਕ ਕਿਸੇ ਨੂੰ ਪਿੰਡ ਦੀ ਸਰਪੰਚ ਬਣਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲੀਆਂ ਪੰਚਾਇਤੀ ਚੋਣਾਂ ਸਮੇਂ ਵੀ ਐਸਸੀ ਵਰਗ ਦੀ ਮਹਿਲਾ ਉਮੀਦਵਾਰ ਲਈ ਪਿੰਡ ਦੀ ਸਰਪੰਚੀ ਦਾ ਅਹੁਦਾ ਰਾਖਵਾਂ ਰੱਖੇ ਜਾਣ ਬਾਰੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ।