ਰੱਤਾਖੇੜਾ ਦੇ ਸਕੂਲ ਅੱਗਿਓਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ
ਪੱਤਰ ਪ੍ਰੇਰਕ
ਲਹਿਰਾਗਾਗਾ, 4 ਜਨਵਰੀ
ਇੱਥੋਂ ਦੇ ਪਿੰਡ ਰੱਤਾਖੇੜਾ ਦੇ ਸਰਕਾਰੀ ਮਿਡਲ ਸਕੂਲ ਅੱਗੇ ਲੋਕਾਂ ਨੇ ਰੂੜੀਆਂ ਤੇ ਗੁਹਾਰੇ ਲਾ ਕੇ ਅਤੇ ਮੱਕੀ ਦਾ ਆਚਾਰ, ਇੱਟਾਂ ਆਦਿ ਸੁੱਟ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਸਬੰਧੀ ਸਰਕਾਰੀ ਮਿਡਲ ਸਕੂਲ ਰੱਤਾ ਖੇੜਾ ਅਤੇ ਗੁਰਦੁਆਰਾ ਸਾਹਿਬ ਰੱਤਾ ਖੇੜਾ ਦੀ ਕਮੇਟੀ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਡੀਸੀ ਸੰਗਰੂਰ, ਐੱਸਡੀਐੱਮ ਲਹਿਰਾਗਾਗਾ ਸਣੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਹਨ। ਇਸ ਸਬੰਧੀ ਅੱਜ ਪਿੰਡ ’ਚ ਇਕੱਠ ਵੀ ਹੋਇਆ ਜਿਸ ’ਚ ਇਹ ਮਤਾ ਪਾਸ ਕੀਤਾ ਗਿਆ ਗੁਰੂ ਘਰ ਅਤੇ ਸਕੂਲ ਨਾਲ-ਨਾਲ ਹੈ ਅਤੇ ਜਿਸ ਦੀ ਜ਼ਮੀਨ ਅੱਗੇ ਮੁੱਖ ਰਸਤਾ ਹੈ। ਇਸ ਰਸਤੇ ’ਤੇ ਥਾਂ-ਥਾਂ ਰੂੜੀਆਂ ਲਾ ਕੇ ਮੱਕੀ ਦਾ ਆਚਾਰ ਹੋਰ ਉਸਾਰੀ ਕਰਦਿਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂ ਕਿ ਇਹ ਜ਼ਮੀਨ ਸਰਕਾਰੀ ਹੈ। ਸਕੂਲ ਮੈਨੇਜਮੈਂਟ ਨੇ ਕਿਹਾ ਕਿ ਰੂੜੀਆਂ, ਗੁਹਾਰੇ ਅਤੇ ਚਾਰਦੀਵਾਰੀ ਵੀ ਡਿੱਗਦੀ ਜਾ ਰਹੀ ਹੈ। ਇਸ ਤੋਂ ਇਲਾਵਾ ਗੰਦਗੀ ਕਾਰਨ ਸਕੂਲ ਵਿੱਚ ਵੀ ਬਦਬੂ ਫੈਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਕਬਜ਼ੇ ਮੁਕਤ ਕਰਾਉਣ ਤੋਂ ਇਲਾਵਾ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਦੂਜੇ ਪਾਸੇ ਪ੍ਰਸ਼ਾਸਨ ਨੇ ਇਸ ਦੀ ਜਾਂਚ ਕਰਵਾ ਕੇ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ।