ਨੌਜਵਾਨ ਦੀ ਭੇਤ-ਭਰੀ ਮੌਤ ਸਬੰਧੀ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਪਿੰਡ ਮਾਛੀਨੰਗਲ ਦੇ ਨੌਜਵਾਨ ਆਸ਼ੂ ਮਾਈਕਲ ਦੀ 27 ਜੁਲਾਈ ਨੂੰ ਭੇਤ-ਭਰੀ ਹਾਲਤ ਵਿੱਚ ਹੋਈ ਮੌਤ ਦਾ ਅਜੇ ਤੱਕ ਅਸਲ ਕਾਰਨ ਪਤਾ ਨਹੀਂ ਲੱਗਿਆ ਹੈ। ਰੋਹ ਵਿੱਚ ਆਏ ਮਾਪਿਆਂ ਨੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮਾਝਾ ਜ਼ੋਨ ਦੇ ਜਨਰਲ ਸਕੱਤਰ ਕਾਮਰੇਡ ਮਨਜੀਤ ਰਾਜ ਮਨਜੀਤ ਰਾਜ ਬਟਾਲਾ, ਸੀਨੀਅਰ ਕਾਮਰੇਡ ਆਗੂ ਮੱਖਣ ਮਸੀਹ ਅਤੇ ਕਾਮਰੇਡ ਡੇਵਿਡ ਮਸੀਹ ਮਲਕਵਾਲ ਦੀ ਅਗਵਾਈ ਹੇਠ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਮਾਪਿਆਂ ਨੇ ਦੱਸਿਆ ਕਿ ਆਸ਼ੂ ਨੂੰ ਉਸ ਦਾ ਦੋਸਤ ਅਰਸ਼ਦੀਪ ਘਰੋਂ ਫਤਹਿਗੜ੍ਹ ਚੂੜੀਆਂ ਲੈ ਕੇ ਗਿਆ ਸੀ। ਦੇਰ ਰਾਤ ਆਸ਼ੂ ਨੂੰ ਫੋਨ ਕੀਤਾ ਤਾਂ ਅਰਸ਼ਦੀਪ ਨੇ ਫੋਨ ਚੁੱਕ ਕੇ ਕਿਹਾ ਕਿ ਉਹ ਦਸ ਮਿੰਟ ਤੱਕ ਆ ਰਿਹਾ ਹੈ। ਕਾਫ਼ੀ ਦੇਰ ਤੱਕ ਉਡੀਕਣ ਮਗਰੋਂ ਪਰਿਵਾਰ ਆਸ਼ੂ ਦੀ ਭਾਲ ਕਰਦਿਆਂ ਫਤਹਿਗੜ੍ਹ ਚੂੜੀਆਂ ਅਰਸ਼ਦੀਪ ਦੇ ਘਰ ਗਿਆ ਤਾਂ ਉਹ ਪਰਿਵਾਰ ਨੂੰ ਝੰਡੇਰ ਰੋਡ ’ਤੇ ਲੈ ਗਿਆ, ਜਿੱਥੇ ਆਸ਼ੂ ਦੀ ਲਾਸ਼ ਪਈ ਸੀ। ਪਰਿਵਾਰ ਨੇ ਆਸ਼ੂ ਦੇ ਕਤਲ ਦਾ ਸ਼ੱਕ ਜ਼ਾਹਿਰ ਕਰਦਿਆਂ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਪਰ ਝੰਡੇਰ ਪੁਲੀਸ ਨੇ ਹਾਦਸੇ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਅੰਮ੍ਰਿਤਸਰ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੇ। ਥਾਣਾ ਝੰਡੇਰ ਦੇ ਐੱਸਐੱਚਓ ਸਬ ਇੰਸਪੈਕਟਰ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।