ਗੁਰਦੁਆਰਿਆਂ ਲਈ ਸਸਤੀ ਦਰ ’ਤੇ ਬਿਜਲੀ ਮੁਹੱਈਆ ਕਰਵਾਉਣ ਦੀ ਮੰਗ
ਕੁਲਵਿੰਦਰ ਕੌਰ
ਫਰੀਦਾਬਾਦ, 29 ਜੁਲਾਈ
ਇੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ਦੇ ਅਹੁਦੇਦਾਰਾਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਸਮੱਸਿਆਵਾਂ ਦੱਸੀਆਂ ਅਤੇ ਸਥਾਨਕ ਪ੍ਰਸ਼ਾਸਨ, ਸਰਕਾਰੀ ਏਜੰਸੀਆਂ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਕੰਮਾਂ ਵਿੱਚ ਪਾਏ ਜਾ ਰਹੇ ਅੜਿੱਕਿਆਂ ਤੋਂ ਜਾਣੂ ਕਰਵਾਇਆ।
ਸੈਕਟਰ-15 ਸਿੰਘ ਸਭਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਹਰਿਆਣਾ ’ਚ ਪੰਜਾਬੀ ਅਧਿਆਪਕਾਂ ਦੀ ਘਾਟ, ਗੁਰਦੁਆਰਿਆਂ ਅਤੇ ਸਰਾਵਾਂ ਲਈ ਸਰਕਾਰੀ ਦਰ ਦੀਆਂ ਜ਼ਮੀਨਾਂ ਨਾ ਦਿੱਤੇ ਜਾਣ ਵਰਗੇ ਮੁੱਦੇ ਉਠਾਏ ਗਏ। ਸਿੰਘ ਸਭਾ ਗੁਰਦੁਆਰਿਆਂ ਨੂੰ ਮਸਜਿਦਾਂ ਵਾਂਗ ਹੀ ਸਸਤੀ ਦਰ ਦੀ ਬਿਜਲੀ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਸਿੰਘ ਸਭਾ ਦੀ ਪ੍ਰਧਾਨ ਰਾਣਾ ਕੌਰ ਭੱਟੀ (ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਹੋਰ ਅਹੁਦੇਦਾਰਾਂ ਨਾਲ ਮਿਲ ਕੇ ਲਾਲਪੁਰਾ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ। ਇਸ ਮੌਕੇ ਅਜੈ ਜਨੇਜਾ, ਸ੍ਰੀਮਤੀ ਰੂਬੀ, ਐੱਨਐੱਸ ਬਿੰਦਰਾ, ਸੁੱਚਾ ਸਿੰਘ, ਮੋਹਨ ਸਿੰਘ, ਕੌਂਸਲਰ ਜਸਵੰਤ ਸਿੰਘ ਸਣੇ ਹੋਰ ਅਹਿਮ ਸਿੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਕਬਾਲ ਸਿੰਘ ਲਾਲਪੁਰਾ ਨੇ ਸ਼ਿਕਾਇਤਾਂ ਨੂੰ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ। ਉਨ੍ਹਾਂ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਲਾਲਪੁਰਾ ਦੀ ਆਮਦ ਨੂੰ ਦੱਸਣ ਵਾਲੇ ਬਹੁਤੇ ਪੋਸਟਰ ਹਿੰਦੀ, ਅੰਗਰੇਜ਼ੀ ਵਿੱਚ ਲਿਖੇ ਹੋਏ ਸਨ।