ਮਨਰੇਗਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਤਹਿਤ ਦਿਹਾੜੀ ਤੇ ਕਿਰਾਇਆ ਦੇਣ ਦੀ ਮੰਗ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 15 ਜੁਲਾਈ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਜਲੰਧਰ (ਪੱਛਮੀ) ਅਧੀਨ ਪੈਂਦੇ ਪਿੰਡ ਘੁੱਗਸ਼ੋਰ, ਦਿਆਲਪੁਰ , ਕੁੱਦੋਵਾਲ, ਨੰਗਲ ਮਨੋਹਰ, ਹੇਲਰ, ਵਰਿਆਣਾ, ਅਲੀਖੇਲ ਅੰਬੀਆਂ ਤੋਹਫ਼ਾ, ਰਾਮ ਸਿੰਘ ਪੁਰ, ਕਾਹਲਵਾਂ, ਅੰਬਗੜ੍ਹ, ਕਾਲਾ ਬਾਹੀਆਂ, ਨੂਸੀ, ਸੂਰਾਂ, ਧਾਲੀਵਾਲ ਕਾਦੀਆਂ, ਪੱਤੜ ਖੁਰਦ, ਮੱਲੀਆਂ, ਪੱਸਣ, ਬੱਲ, ਦੁੱਗਰੀ ਅਤੇ ਮੰਡ ਤੋਂ 500 ਦੇ ਕਰੀਬ ਮਗਨਰੇਗਾ ਵਰਕਰਾਂ ਵੱਲੋਂ ਹੜ੍ਹ ਕਾਰਨ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਜੰਗੀ ਪੱਧਰ ਉੱਤੇ ਮਿੱਟੀ ਤੇ ਕੰਕਰੀਟ ਦੇ ਸੈਂਕੜੇ ਬੋਰੇ ਭਰ ਕੇ ਹੜ੍ਹ ਭੇਜੇ ਜਾ ਰਹੇ ਹਨ।
ਮਗਨਰੇਗਾ ਵਰਕਰਾਂ ਦੇ ਕਾਰਜਾਂ ਦੀ ਨਿਗਰਾਨੀ ਬੀਡੀਪੀਓ ਜਲੰਧਰ (ਪੱਛਮੀ) ਸੇਵਾ ਸਿੰਘ, ਏਪੀਓ ਰਵਿੰਦਰ ਗੋਇਲ, ਗ੍ਰਾਮ ਸੇਵਕ ਨਰਿੰਦਰ ਸਿੰਘ, ਮਨਦੀਪ ਕੌਰ, ਮਨਿੰਦਰ ਸਿੰਘ, ਸੁਖਵੰਤ ਸਿੰਘ, ਸੰਦੀਪ ਕਲੇਰ, ਹਰਦੀਪ ਸਿੰਘ ਤੇ ਮਗਨਰੇਗਾ ਮੇਟ ਬਲਵਿੰਦਰ ਕੌਰ ਕਰ ਰਹੇ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਕਹਿ ਰਹੇ ਰਾਹਤ ਕਾਰਜਾਂ ਲਈ ਦਿਹਾੜੀ ਭਾਵੇਂ ਦੁੱਗਣੀ ਦੇਣੀ ਪਵੇ, ਉਹ ਵੀ ਦੇ ਕੇ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਦੇ ਉਲਟ ਮਗਨਰੇਗਾ ਵਰਕਰਾਂ ਨੂੰ ਂ ਪ੍ਰਤੀ ਦਿਹਾੜੀ 303 ਰੁਪਏ ਦਿੱਤੇ ਜਾਣਗੇ। ਯੂਨੀਅਨ ਵੱਲੋਂ ਮਗਨਰੇਗਾ ਵਰਕਰਾਂ ਦੀ ਦਿਹਾੜੀ ਘੱਟੋ ਘੱਟ ਉਜਰਤ ਬਰਾਬਰ ਦੇਣ ਅਤੇ ਵਰਕਰਾਂ ਨੂੰ ਕਿਰਾਏ ਦਾ ਭੁਗਤਾਨ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀ ਪੰਚਾਇਤਾਂ ਰਾਹੀਂ ਸਾਧਨ ਜੁਟਾ ਰਹੇ ਹਨ ਜਦਕਿ ਸੂਬਾ ਸਰਕਾਰ ਨੇ 23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਬਲਾਕ ਨੂੰ ਵੱਧ ਤੋਂ ਵੱਧ ਬੋਰੇ ਭਰ ਕੇ ਜਿਆਣੀਆਂ ਚਾਹਲ ਬਲਾਕ ਲੋਹੀਆਂ ਖਾਸ ਵਿੱਚ ਧੁੱਸੀ ਬੰਨ੍ਹ ਤੱਕ ਪਹੁੰਚਾਉਣ ਦਾ ਟੀਚਾ ਦਿੱਤਾ ਗਿਆ ਹੈ।