ਘਨੌਲੀ ਬੱਸ ਸਟੈਂਡ ਤੋਂ ਅਵਾਨਕੋਟ ਜਾਂਦੀ ਸਰਵਿਸ ਰੋਡ ਪੱਕੀ ਕਰਨ ਦੀ ਮੰਗ
ਪੱਤਰ ਪ੍ਰੇਰਕ
ਘਨੌਲੀ, 16 ਨਵੰਬਰ
ਘਨੌਲੀ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪ ਕੇ ਘਨੌਲੀ ਬੱਸ ਸਟੈਂਡ ਤੋਂ ਅਵਾਨਕੋਟ ਤੇ ਹੋਰਨਾਂ ਪਿੰਡਾਂ ਨੂੰ ਜਾਂਦੀ ਲਿੰਕ ਸੜਕ ਲਈ ਕੌਮੀ ਮਾਰਗ ਦੇ ਨਾਲ ਸਰਵਿਸ ਰੋਡ ਬਣਾਉਣ ਤੇ ਘਨੌਲੀ ਵਿੱਚ ਪੱਕਾ ਬੱਸ ਸਟੈਂਡ ਬਣਾਉਣ ਦੀ ਮੰਗ ਕੀਤੀ ਹੈ। ਇਲਾਕੇ ਦੇ ਪਿੰਡਾਂ ਦੇ ਸਰਪੰਚਾਂ ਤੇ ਹੋਰ ਮੋਹਤਬਰਾਂ ਦੇ ਦਸਤਖਤਾਂ ਵਾਲਾ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸਮਾਜ ਸੇਵੀ ਪੰਕਜ ਸ਼ਰਮਾ ਅਵਾਨਕੋਟ ਨੇ ਦੱਸਿਆ ਕਿ ਘਨੌਲੀ ਬੱਸ ਸਟੈਂਡ ਤੋਂ ਅਵਾਨਕੋਟ ਵੱਲ ਜਾਂਦੇ ਸਿਰਫ ਕੁੱਝ ਕੁ ਮੀਟਰ ਦੇ ਟੋਟੇ ਨੂੰ ਪੱਕਾ ਕਰਨ ਨਾਲ ਇਲਾਕੇ ਦੇ ਲਗਪਗ ਡੇਢ ਦਰਜਨ ਪਿੰਡਾਂ ਦੇ ਲੋਕਾਂ ਨੂੰ ਕੌਮੀ ਮਾਰਗ ’ਤੇ ਚੜ੍ਹਨ ਸਮੇਂ ਪੇਸ਼ ਆਉਂਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ਵਾਲੀ ਕੰਪਨੀ ਨੇ ਘਨੌਲੀ ਦਾ ਬੱਸ ਸਟੈਂਡ ਅਸਲ ਥਾਂ ਤੋਂ ਬੈਰੀਅਰ ਵਾਲੇ ਪਾਸੇ ਬਣਾ ਦਿੱਤਾ ਹੈ, ਜਿੱਥੇ ਨਾ ਤਾਂ ਕੋਈ ਬੱਸ ਰੁਕਦੀ ਹੈ ਅਤੇ ਨਾ ਹੀ ਉਸ ਦਾ ਲੋਕਾਂ ਨੂੰ ਕੋਈ ਫਾਇਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨੰਗਲ ਰੂਪਨਗਰ ਮਾਰਗ ਵਾਲੇ ਪਾਸੇ ਪੱਕਾ ਬੱਸ ਸਟੈਂਡ ਬਣਾਇਆ ਜਾਵੇ।