ਬਾਵਰੀਆ ਬਰਾਦਰੀ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ
ਕੇਕੇ ਬਾਂਸਲ
ਰਤੀਆ, 29 ਜੁਲਾਈ
ਡੀਐੱਨਟੀ ਕਲਿਆਣ ਸੰਘ ਦਾ ਵਫ਼ਦ ਅੱਜ ਰਤੀਆ ਵਿੱਚ ਪਿਛਲੇ 70-80 ਸਾਲਾਂ ਤੋਂ ਕਾਬਜ਼ ਬਾਵਰੀਆ ਬਰਾਦਰੀ ਦੇ ਉਨ੍ਹਾਂ ਪਰਿਵਾਰਾਂ ਨੂੰ ਮਿਲਿਆ, ਜਿਨ੍ਹਾਂ ਦੇ ਘਰ ਰਤੀਆ ਪ੍ਰਸ਼ਾਸਨ ਨੇ ਉਜਾੜ ਦਿੱਤੇ ਸਨ। ਕਲਿਆਣ ਸੰਘ ਨੇ ਰਤੀਆ ਪ੍ਰਸ਼ਾਸਨ ਦੇ ਇਸ ਵਤੀਰੇ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਉਸੇ ਥਾਂ ’ਤੇ ਕੀਤਾ ਜਾਵੇ ਅਤੇ ਇਸ ਸਬੰਧੀ ਤੁਰੰਤ ਮੀਟਿੰਗ ਸੱਦ ਕੇ ਮਤਾ ਪਾਸ ਕਰਕੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੂੰ ਮਾਲਕੀ ਦਾ ਅਧਿਕਾਰ ਦਿਵਾਉਣ ਦੇ ਨਾਲ ਪ੍ਰਸ਼ਾਸਨ ਵੱਲੋਂ ਨੁਕਸਾਨੇ ਗਏ ਸਾਮਾਨ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰਾਂ ਖ਼ਿਲਾਫ਼ ਦਰਜ ਕੇਸਾਂ ਨੂੰ ਤੁਰੰਤ ਖਾਰਜ ਕਰਕੇ, ਪ੍ਰਸ਼ਾਸਨ ਨੇ ਇਸ ਭੰਨਤੋੜ ਦੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਅਤੇ ਇਨ੍ਹਾਂ ਪਰਿਵਾਰਾਂ ਦੀ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸੰਘ ਦੇ ਸੂਬਾ ਸਕੱਤਰ ਹਨੂੰਮਾਨ ਗੋਂਦਾਰਾ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਨਾਰਨੌਲ ਅਤੇ ਗੁਰੂਗ੍ਰਾਮ ਵਿੱਚ ਪ੍ਰਸ਼ਾਸਨ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ, ਸਰਕਾਰ ਨੂੰ ਮੁੜ ਵਸੇਬਾ ਨੀਤੀ ਬਣਾਉਣ ਤੱਕ ਅਜਿਹੀ ਕਾਰਵਾਈ ਬੰਦ ਕਰਨੀ ਚਾਹੀਦੀ ਹੈ। ਡੀਐੱਨਟੀ ਕਮਿਊਨਿਟੀ ਦੇ ਸੀਨੀਅਰ ਆਗੂ ਡਾ. ਰਾਮਸਵਰੂਪ ਸੋਤਰੀਆ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਡੀਐੱਨਟੀ ਸਮਾਜ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਰਾਜ਼ ਨਾ ਕਰੇ ਅਤੇ 15 ਅਗਸਤ ਤੱਕ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨਾਂ ਨੂੰ ਪੂਰਾ ਕੀਤਾ ਜਾਵੇ।