ਵਾਹਗਾ ਤੇ ਹੁਸੈਨੀਵਾਲਾ ਬਾਰਡਰ ਵਪਾਰ ਲਈ ਖੋਲ੍ਹਣ ਦੀ ਮੰਗ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 18 ਸਤੰਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਚਾਲੂ ਕਰਨ ਲਈ ਪੰਜਾਬ ਨਾਲ ਲੱਗਦੇ ਬਾਰਡਰਾਂ ਨੂੰ ਖੁਲ੍ਹਵਾਉਣ ਦੀ ਮੰਗ ਲਈ ਅੱਜ ਇੱਥੋਂ ਅੱਠ ਕਿਲੋਮੀਟਰ ਦੂਰ ਪਿੰਡ ਡਾਨਸੀਵਾਲ ਵਿੱਚ ਕਾਨਫਰੰਸ ਕੀਤੀ ਗਈ। ਕਾਨਫਰੰਸ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਹਿੱਤ ਭਾਰਤ-ਪਾਕਿ ਬਾਰਡਰਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਸੂਬਾਈ ਆਗੂ ਸੁਰਿੰਦਰ ਬੈਂਸ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਭਿੰਡਰ, ਭੁਪਿੰਦਰ ਸਿੰਘ ਭੁੰਗਾ ਅਤੇ ਸਤਨਾਮ ਸਿੰਘ ਮੁਖਲਿਆਣਾ, ਕੁਲਵਿੰਦਰ ਚਾਹਲ ਅਤੇ ਟਰੱਕ ਯੂਨੀਅਨ ਸੈਲਾ ਦੇ ਪ੍ਰਧਾਨ ਫਕੀਰ ਮੁਹੰਮਦ ਨੇ ਕਿਹਾ ਕਿ ਕਈ ਸਾਲ ਪਹਿਲਾਂ ਸਰਕਾਰ ਨੇ ਵਾਹਗਾ ਅਤੇ ਹੁਸੈਨੀਵਾਲਾ ਦੇ ਰਸਤੇ ਵਪਾਰ ਬੰਦ ਕਰ ਦਿੱਤਾ ਸੀ ਪਰ ਕੇਂਦਰ ਸਰਕਾਰ ਨੇ ਆਪਣੀ ਸਿਆਸੀ ਮੁਫਾਦਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਮਦਦ ਕਰਨ ਦੇ ਉਦੇਸ਼ ਨਾਲ ਇਹ ਵਪਾਰ ਬੰਦ ਹੀ ਰੱਖਿਆ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸੜਕੀ ਰਸਤੇ ਵਪਾਰ ਖੋਲ੍ਹਿਆ ਜਾਂਦਾ ਹੈ ਤਾਂ ਇਸ ਦਾ ਕਿਸਾਨਾਂ ਤੋਂ ਇਲਾਵਾ ਵਪਾਰੀਆਂ, ਟਰਾਂਸਪੋਟਰਾਂ ਅਤੇ ਮਜ਼ਦੂਰਾਂ ਨੂੰ ਚੋਖਾ ਲਾਭ ਹੋਵੇਗਾ। ਬੁਲਾਰਿਆਂ ਕਿਹਾ ਕਿ ਇਸ ਨਾਲ ਜਿੱਥੇ ਇੱਕ ਦੂਜੇ ਦੇਸ਼ ਦੀਆਂ ਵਸਤੂਆਂ ਦਾ ਵਟਾਂਦਰਾ ਹੋਵੇਗਾ ਅਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। ਇਕੱਠ ਨੂੰ ਜਥੇਬੰਦੀ ਦੇ ਤਹਿਸੀਲ ਸਕੱਤਰ ਕੁਲਵੰਤ ਸਿੰਘ ਗੋਲੇਵਾਲ,ਦੇਨੋਵਾਲ ਕਲਾ ਹਰਬੰਸ ਸਿੰਘ ਰਸੂਲਪੁਰ,ਸੰਦੀਪ ਸਿੰਘ ਪਰਮਜੀਤ ਸਿੰਘ ਪੱਮਾ ਰੁੜਕੀ ਖਾਸ, ਉਕਾਰ ਸਿੰਘ ਡਾਨਸੀਵਾਲ, ਕੁਲਵੀਰ ਸਿੰਘ ਨੰਬਰਦਾਰ, ਗਗਨਦੀਪ ਸਿੰਘ ਪੰਚ ਆਦਿ ਨੇ ਵੀ ਸੰਬੋਧਨ ਕੀਤਾ।