For the best experience, open
https://m.punjabitribuneonline.com
on your mobile browser.
Advertisement

ਸ਼ੰਭੂ ਬਾਰਡਰ ’ਤੇ ਛੋਟੇ ਵਾਹਨਾਂ ਲਈ ਰਸਤਾ ਖੋਲ੍ਹਣ ਦੀ ਮੰਗ

09:17 AM Jun 17, 2024 IST
ਸ਼ੰਭੂ ਬਾਰਡਰ ’ਤੇ ਛੋਟੇ ਵਾਹਨਾਂ ਲਈ ਰਸਤਾ ਖੋਲ੍ਹਣ ਦੀ ਮੰਗ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੂੰ ਮੰਗ ਪੱਤਰ ਦਿੰਦੇ ਹੋਏ ਲੋਕ।
Advertisement

ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ (ਪਟਿਆਲਾ), 16 ਜੂਨ
ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ ’ਤੇ ਹਰਿਆਣਾ ਸਰਕਾਰ ਵੱਲੋਂ ਲਾਏ ਬੈਰੀਕੇਡਾਂ ਅਤੇ ਰੋਕਾਂ ਕਾਰਨ ਕਿਸਾਨਾਂ ਵੱੱਲੋਂ ਸਵਾ ਚਾਰ ਮਹੀਨਿਆਂ ਤੋਂ ਇੱਥੇ ਪੱਕਾ ਮੋਰਚਾ ਲਾਇਆ ਗਿਆ ਹੈ। ਇਸ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਰੋਜ਼ਾਨਾ ਬਦਲਵੇਂ ਰਸਤਿਆਂ ਰਾਹੀਂ ਕਾਫ਼ੀ ਗੇੜ ਪਾ ਕੇ ਜਾਣਾ ਪੈਂਦਾ ਹੈ।
ਖ਼ਾਸ ਕਰਕੇ ਸ਼ੰਭੂ ਬਾਰਡਰ ਦੇ ਨੇੜਲੇ ਕਈ ਪਿੰਡਾਂ ਦੇ ਲੋਕ ਕਾਫ਼ੀ ਮੁਸ਼ਕਲਾਂ ਨਾਲ ਜੂਝ ਰਹੇ ਹਨ ਕਿਉਂਕਿ ਉਨ੍ਹਾਂ ਦਾ ਨਿੱਤ ਦਿਨ ਅੰਬਾਲਾ ਤੇ ਹੋਰ ਸ਼ਹਿਰਾਂ ’ਚ ਆਉਣ-ਜਾਣ ਰਹਿੰਦਾ ਹੈ। ਇਸ ਕਾਰਨ ਉਨ੍ਹਾਂ ਅੱਜ ਮੋਰਚੇ ਦੀ ਅਗਵਾਈ ਕਰ ਰਹੀ ਟੀਮ ਦੇ ਮੈਂਬਰ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੂੰ ਮੰਗ ਪੱਤਰ ਵੀ ਦਿੱਤਾ।
ਕਿਸਾਨਾਂ ਨੂੰ ਅਪੀਲ ਕਰਦਿਆਂ ਰਾਜਗੜ੍ਹ ਦੇ ਨੰਬਰਦਾਰ ਗੁਰਮੀਤ ਸਿੰਘ, ਤੇਪਲਾ ਵਾਸੀ ਸੋਨੂੰ ਰਾਣਾ ਅਤੇ ਮਿੰਟੂ ਸਣੇ ਕਈ ਹੋਰ ਵਿਅਕਤੀਆਂ ਨੇ ਕਿਹਾ ਕਿ ਸ਼ੰਭੂ ਨੇੜੇ ਪੈਂਦੇ ਕਈ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜਿੱਥੇ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਹੈ, ਉੱਥੇ ਹੀ ਬਿਮਾਰ ਹੋਣ ’ਤੇ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਦੀ ਵੀ ਚਿੰਤਾ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਹੈ ਤੇ ਇਹ ਹੜ੍ਹ ਪ੍ਰਭਾਵਿਤ ਇਲਾਕਾ ਹੋਣ ਕਾਰਨ ਬਾਰਿਸ਼ਾਂ ਦੌਰਾਨ ਬਹੁਤੇ ਰਸਤੇ ਬੰਦ ਹੋ ਜਾਂਦੇ ਹਨ। ਉਨ੍ਹਾਂ ਕਿਸਾਨ ਆਗੂਆਂ ਨੂੰ ਇੱਥੋਂ ਦੋਪਹੀਆ ਵਾਹਨਾਂ ਨੂੰ ਲੰਘਾਉਣ ਦੀ ਅਪੀਲ ਕੀਤੀ। ਉੱਧਰ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਰਸਤਾ ਉਨ੍ਹਾਂ ਨੇ ਨਹੀਂ ਬਲਕਿ ਸਰਕਾਰ ਨੇ ਰੋਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫੇਰ ਵੀ ਉਹ ਇਸ ਮੋਰਚੇ ਦੀ ਅਗਵਾਈ ਕਰ ਰਹੀਆਂ ਦੋਵੇਂ ਫੋਰਮਾਂ, ਐੱਸਕੇਐੱਮ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਇਹ ਮਾਮਲਾ ਵਿਚਾਰਨਗੇ।

Advertisement

ਮੋਰਚੇ ਨੂੰ ਸਵਾ ਸੌ ਦਿਨ ਹੋਏ ਪੂਰੇ

ਬੀਤੀ 13 ਫਰਵਰੀ ਤੋਂ ਪਟਿਆਲਾ ਜ਼ਿਲ੍ਹੇ ਵਿਚਲੇ ਦੋ ਬਾਰਡਰਾਂ- ਸ਼ੰਭੂ ਅਤੇ ਢਾਬੀਗੁੱੱਜਰਾਂ ਸਣੇ ਦੋ ਹੋਰ ਬਾਰਡਰਾਂ ’ਤੇ ਜਾਰੀ ਕਿਸਾਨ ਮੋਰਚੇ ਨੂੰ ਅੱਜ 125 ਦਿਨ ਹੋ ਗਏ ਹਨ। ਇਸ ਮੌਕੇ ਕਿਸਾਨ ਆਗੂ ਸਰਵਣ ਪੰਧੇਰ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਹਕੂਮਤਾਂ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਮੋਰਚਾ ਸਮਾਪਤ ਹੋ ਗਿਆ ਜਦਕਿ ਇਹ ਮੋਰਚਾ ਜਾਰੀ ਹੈ ਤੇ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।

Advertisement
Author Image

Advertisement
Advertisement
×