ਦਿੱਲੀ ’ਚ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ’ਤੇ ਸੜਕ ਦਾ ਨਾਮ ਰੱਖਣ ਦੀ ਮੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਤਿਲਕ ਨਗਰ ਦੇ ਸਿੱਖ ਆਗੂਆਂ ਨੇ ਪੰਜਾਬ ‘ਆਪ’ ਦੇ ਇੰਚਾਰਜ ਅਤੇ ਸਥਾਨਕ ਵਿਧਾਇਕ ਜਰਨੈਲ ਸਿੰਘ ਨਾਲ ਮੁਲਾਕਾਤ ਕਰ ਕੇ ਪੱਛਮੀ ਦਿੱਲੀ ਵਿੱਚ ਵਿਸ਼ਨੂੰ ਗਾਰਡਨ ਇਲਾਕੇ ਦੀ ਕਿਸੇ ਇੱਕ ਸੜਕ ਦਾ ਨਾਂ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ਉਪਰ ਰੱਖਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਸਿੱਖ ਸੰਗਤ ਸਭਾ ਵੱਲੋਂ ਆਏ ਸਿੱਖਾਂ ਦੇ ਵਫ਼ਦ ਨੇ ਇੱਕ ਮੰਗ ਪੱਤਰ ਵੀ ਇਸ ਬਾਬਤ ਦਿੱਤਾ। ਆਗੂਆਂ ਨੇ ਵਿਧਾਇਕ ਨੂੰ ਦੱਸਿਆ ਕਿ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੜਕ ਦਾ ਨਾਮਕਰਨ ਦੀ ਮੰਗ ਚਿਰਾਂ ਤੋਂ ਕੀਤੀ ਜਾ ਰਹੀ ਹੈ। ਜਰਨੈਲ ਸਿੰਘ ਨੇ ਉਨ੍ਹਾਂ ਦੀ ਮੰਗ ਉੱਚ ਅਥਾਰਿਟੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਜਰਨੈਲ ਸਿੰਘ ਡੀਡੀਸੀ ਦੇ ਚੇਅਰਮੈਨ ਵੀ ਹਨ। ਵਫ਼ਦ ਨੇ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਵੱਖ-ਵੱਖ ਸਮਾਗਮ ਕਰਨ ਬਾਰੇ ਵੀ ਵਿਧਾਇਕ ਨਾਲ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਵਿਸ਼ਨੂੰ ਗਾਰਡਨ ਤੇ ਹਰੀ ਨਗਰ ਸਣੇ ਤਿਲਕ ਨਗਰ ਵਿੱਚ ਰਾਮਗੜ੍ਹੀਆ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਤੇ ਨੇੜੇ ਦੇ ਸਨਅਤੀ ਇਲਾਕੇ ਨਰਾਇਣਾ ਤੇ ਕੀਰਤੀ ਨਗਰ ਵਿੱਚ ਉਨ੍ਹਾਂ ਦੇ ਵੱਡੇ ਕਾਰੋਬਾਰ ਵੀ ਹਨ।