ਸੁਨਾਮ ਦਾ ਬੱਸ ਅੱਡਾ ਸ਼ਹਿਰ ’ਚੋਂ ਬਾਹਰ ਲਿਜਾਣ ਦੀ ਮੰਗ ਤੇਜ਼
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 20 ਮਾਰਚ
ਇੱਥੋਂ ਦੇ ਕੁਝ ਵਿਅਕਤੀਆਂ ਦੇ ਵਫ਼ਦ ਨੇ ਮੁੱਖ ਬੱਸ ਅੱਡਾ ਸ਼ਹਿਰ ’ਚੋਂ ਬਾਹਰ ਲਿਜਾਣ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਦਿੱਤਾ, ਜਦੋਂ ਕਿ ਬੱਸ ਅੱਡੇ ਦੇ ਨਾਲ ਲੱਗਦੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਪੁਰਾਣੇ ਅੱਡੇ ਦੇ ਹੀ ਨਵੀਨੀਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਮੁੱਖ ਬੱਸ ਅੱਡਾ ਸ਼ਹਿਰ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਕਈ ਵਾਰ ਸ਼ਹਿਰ ਅੰਦਰ ਵਧਦੀ ਟਰੈਫਿਕ ਦੀ ਸਮੱਸਿਆ ਕਾਰਨ ਇਸ ਨੂੰ ਬਠਿੰਡਾ ਰੋਡ ’ਤੇ ਖਾਲੀ ਜ਼ਮੀਨ ਵਿੱਚ ਲਿਜਾਣ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਦੁਕਾਨਦਾਰਾਂ ਨੇ ਲੰਘ ਦਿਨ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਰੁਜ਼ਗਾਰ ਨੂੰ ਬਚਾਇਆ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਬੱਸ ਅੱਡਾ ਬਾਜ਼ਾਰ ਦੇ ਨੇੜੇ ਹੋਣ ਕਰਕੇ ਦੁਕਾਨਦਾਰਾਂ ਦਾ ਗੁਜ਼ਾਰਾ ਚੱਲਦਾ ਹੈ। ਸ਼ਹਿਰ ਵਾਸੀਆਂ ਦੇ ਮਨਵੀਰ ਸਿੰਘ ਅਤੇ ਬਲਵੀਰ ਸਿੰਘ ਸਮੇਤ ਇੱਕ ਵਫ਼ਦ ਨੇ ਮੰਗ ਪੱਤਰ ਰਾਹੀਂ ਜਲਦ ਸਰਕਾਰ ਤੋਂ ਸੁਨਾਮ ਸ਼ਹਿਰ ਲਈ ਨਵੇਂ ਬੱਸ ਅੱਡੇ ਦੀ ਮੰਗ ਰੱਖੀ। ਉਧਰ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਸੁਨਾਮ ਦੇ ਪ੍ਰਧਾਨ ਵਰਿੰਦਰ ਪਹੂਜਾ ਨੇ ਕਿਹਾ ਕਿ ਭਾਵੇਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਬੱਸ ਸਟੈਂਡ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਵਲੋਂ 10 ਕਰੋੜ ਰੁਪਏ ਖਰਚ ਕਰਨ ਅਤੇ ਇਸ ਮਕਸਦ ਲਈ ਰਾਸ਼ੀ ਆਉਣ ਦਾ ਵੀ ਭਰੋਸਾ ਦਿਵਾਇਆ ਸੀ ਪਰ ਕੰਮ ’ਚ ਲਗਾਤਾਰ ਹੋ ਰਹੀ ਦੇਰੀ ਕਾਰਨ ਦੁਕਾਨਦਾਰਾਂ ਨੂੰ ਬੱਸ ਅੱਡਾ ਬਾਹਰ ਲਿਜਾਣ ਦੀ ਚਿੰਤਾ ਖਾ ਰਹੀ ਹੈ। ਉਨਾਂ ਮੰਗ ਕੀਤੀ ਕਿ ਅੰਡਰਬ੍ਰਿਜ ਕੰਮ ਦੇ ਨਾਲ-ਨਾਲ ਹੀ ਬੱਸ ਸਟੈਂਡ ਦੇ ਨਵੀਨੀਕਰਨ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਜਾਵੇ। ਇਸ ਮੌਕੇ ਕਮਲ ਥਿੰਦ, ਮੁਕੇਸ਼ ਕੁਮਾਰ, ਪਰਮਜੀਤ ਸਿੰਘ, ਰਜਤ ਕੁਮਾਰ, ਸੁਰਿੰਦਰ ਕੁਮਾਰ ਕਾਕਾ, ਪਰਮਜੀਤ ਸਿੰਘ ਪੱਪੀ ਅਤੇ ਕਮਲ ਢਾਬਾ ਆਦਿ ਮੌਜੂਦ ਸਨ।