ਬਾਰ ਐਸੋਸੀਏਸ਼ਨਾਂ ਦਾ ਕਾਰਜਕਾਲ ਦੋ ਸਾਲ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਮੋਗਾ, 4 ਜੁਲਾਈ
ਸੂਬਾ ਭਰ ਦੇ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਵਫਦ ਨੇ ਬਾਰ ਕੌਂਸਲ ਆਫ ਪੰਜਾਬ ਦੇ ਚੇਅਰਮੈਨ ਸੁਵੀਰ ਸਿੱਧੂ ਨੂੰ ਚੰਡੀਗੜ੍ਹ ਵਿੱਚ ਮੰਗ ਪੱਤਰ ਸੌਂਪ ਕੇ ਐਸੋਸੀਏਸ਼ਨਾਂ ਦੇ ਕਾਰਜਕਾਲ ਦੀ ਮਿਆਦ ਇੱਕ ਸਾਲ ਤੋਂ ਵਧਾ ਦੋ ਸਾਲ ਕਰਨ ਦੀ ਮੰਗ ਕੀਤੀ ਹੈ। ਵਫ਼ਦ ਨੇ ਵਕੀਲਾਂ ਦਾ ਬੀਮਾ, ਮੌਤ ਦਾ ਦਾਅਵਾ, ਬਿਮਾਰੀ ਵਿੱਚ ਵਿੱਤੀ ਮਦਦ, ਗਰੈਚੁਟੀ ਆਦਿ ਸਕੀਮਾਂ ਸ਼ੁਰੂ ਕਰਕੇ ਵਕੀਲਾਂ ਨੂੰ ਇਸ ਦਾ ਲਾਭ ਦੇਣ ਦੀ ਮੰਗ ਕੀਤੀ ਹੈ। ਇੱਥੇ ਜ਼ਿਲ੍ਹਾ ਬਾਰ ਕੌਂਸਲ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਦੱਸਿਆ ਕਿ ਬਾਰ ਕੌਂਸਲ ਆਫ ਦਿੱਲੀ ਵੱਲੋਂ ਬਾਰ ਐਸੋਸੀਏਸ਼ਨਾਂ ਦਾ ਕਾਰਜਕਾਲ ਦੋ ਸਾਲ ਦਾ ਕਰ ਦਿੱਤਾ ਗਿਆ ਹੈ। ਉਨ੍ਹਾਂ ਬਾਰ ਕੌਂਸਲ ਆਫ ਪੰਜਾਬ ਦੇ ਚੇਅਰਮੈਨ ਸੁਵੀਰ ਸਿੱਧੂ ਨੂੰ ਮੰਗ ਪੱਤਰ ਨਾਲ ਬਾਰ ਕੌਂਸਲ ਦਿੱਲੀ ਵੱਲੋਂ ਪਾਸ ਕੀਤੇ ਫੈਸਲੇ ਦੀ ਕਾਪੀ ਵੀ ਸੌਂਪੀ ਹੈ। ਉਨ੍ਹਾਂ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਆਰ.ਪੀ ਧੀਰ, ਜਲੰਧਰ ਦੇ ਅਦਿੱਤਿਆ ਜੈਨ, ਫਿਲੌਰ ਦੇ ਅਸ਼ਵਨੀ ਕੁਮਾਰ, ਲੁਧਿਆਣਾ ਦੇ ਚੇਤਨ ਵਰਮਾ, ਬਰਨਾਲਾ ਦੇ ਨਿਤਿਨ ਬਾਂਸਲ, ਬਠਿੰਡਾ ਦੇ ਰੋਹਿਤ ਰੋਮਾਣਾ, ਫ਼ਿਰੋਜ਼ਪੁਰ ਦੇ ਗੁਲਾਬ ਸਿੰਘ ਵਰਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਪੰਜਾਬ ਬਾਰ ਕੌਂਸਲ ਦੇ ਚੇਅਰਮੈਨ ਅਤੇ ਸਕੱਤਰ ਨੂੰ ਮੰਗ ਪੱਤਰ ਸੌਂਪ ਕੇ ਐਡਵੋਕੇਟ ਪ੍ਰੋਟੈਕਸ਼ਨ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।