ਗੰਧਲੇ ਪਾਣੀ ਦੇ ਨਮੂਨਿਆਂ ਦੇ ਵੇਰਵੇ ਜਨਤਕ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਜੁਲਾਈ
ਨੇੜਲੇ ਪਿੰਡ ਸਵੱਦੀ ਖੁਰਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ’ਚ ਰੀਫਾਈਨਰੀ ਦੇ ਗੰਧਲੇ ਪਾਣੀ ਦੀ ਸਮੱਸਿਆ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਹੋਈ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਇਕੱਤਰ ਕਿਸਾਨ ਆਗੂਆਂ ਨੇ ਪਿੰਡ ਸ਼ੇਰਪੁਰ ਕਲਾਂ ਸਮੇਤ ਹੋਰ ਨੇੜਲੇ ਪਿੰਡਾਂ ਦੀਆਂ ਮੋਟਰਾਂ ’ਚੋਂ ਗੰਧਲਾ ਪਾਣੀ ਆਉਣ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਪ੍ਰਸ਼ਾਸਨ ਵੱਲੋਂ ਢੁੱਕਵੀਂ ਕਾਰਵਾਈ ਨਾ ਕਰਨ ’ਤੇ ਅਫਸੋਸ ਜ਼ਾਹਿਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਰਪੋਰਟ ਘਰਾਣੇ ਸਾਡੀਆਂ ਜ਼ਮੀਨਾਂ ਉੱਪਰ ਕਬਜ਼ੇ ਕਰਨ ਦੀ ਨੀਅਤ ਨਾਲ ਸਾਡੇ ਪਾਣੀ, ਹਵਾ, ਜ਼ਮੀਨ ਨੂੰ ਦੂਸ਼ਿਤ ਕਰਨ ਦਾ ਜ਼ੋਰ ਲਾ ਰਹੇ ਹਨ। ਉਲਟਾ ਕਿਸਾਨੀ ਨੂੰ ਝੋਨੇ ਮੌਕੇ ਵੱਧ ਪਾਣੀ ਲਾਉਣ ਦਾ ਦੋਸ਼ ਲਾ ਰਹੇ ਹਨ ਜਦਕਿ ਫੈਕਟਰੀਆਂ ’ਚ ਸੌ-ਸੌ ਪਾਵਰ ਦੀਆਂ ਮੋਟਰਾਂ ਲਾ ਕੇ ਪਾਣੀ ਕੱਢਣ ਉਪਰੰਤ ਗੰਧਲਾ ਪਾਣੀ ਧਰਤੀ ’ਚ ਸੁੱਟ ਰਹੀਆਂ ਹਨ। ਸਕੱਤਰ ਰਾਮਸ਼ਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਇਤਾਂ ਵੱਲੋਂ ਇਸ ਦੇ ਵਿਰੋਧ ’ਚ ਮਤੇ ਪਾਏ ਜਾਣ ਦੇ ਬਾਵਜੂਦ ਹਾਲੇ ਤੱਕ ਮਸਲੇ ਦਾ ਯੋਗ ਹੱਲ ਨਾ ਕਰਨਾ ਦਰਸਾਉਂਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਸਿਹਤ ਨਾਲ ਜੁੜੇ ਗੰਭੀਰ ਮੁੱਦੇ ’ਤੇ ਕਿੰਨੀ ਕੁ ਗੰਭੀਰ ਹੈ। ਕਿਸਾਨ ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੱਪੜ ਹਰਨੀਆਂ ਵਿੱਚ ਲੱਗੀ ਰਿਫਾਈਨਰੀ ਅਤੇ ਕਿਸਾਨਾਂ ਦੀਆਂ ਮੋਟਰਾਂ ’ਚੋਂ ਲਏ ਗਏ ਪਾਣੀ ਦੇ ਨਮੂਨੇ ਦੇ ਵੇਰਵੇ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣ। ਬਲਾਕ ਰਾਏਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੁਰਪੂਰਾ ਅਤੇ ਦਰਸ਼ਨ ਸਿੰਘ ਗਾਲਬਿ ਨੇ ਕਿਹਾ ਕਿ ਉਪਰੋਕਤ ਮਸਲਾ ਜਲਦੀ ਹੱਲ ਨਾ ਹੋਣ ’ਤੇ ਜਲਦੀ ਹੀ ਪੱਕਾ ਮੋਰਚਾ ਲਾਇਆ ਜਾਵੇਗਾ। ਔਰਤ ਵਿੰਗ ਦੀ ਕਨਵੀਨਰ ਅਮਰਜੀਤ ਕੌਰ ਮਾਜਰੀ ਵਿਸ਼ੇਸ਼ ਤੌਰ ’ਤੇ ਮੀਟਿੰਗ ’ਚ ਸ਼ਾਮਲ ਹੋਈ ਅਤੇ ਮਨੀਪੁਰ ਵਿੱਚ ਔਰਤਾਂ ਖ਼ਿਲਾਫ਼ ਸ਼ਰਮਨਾਕ ਕਾਰੇ ਨੂੰ ਕੇਂਦਰ ਸਰਕਾਰ ’ਤੇ ਕਲੰਕ ਕਰਾਰ ਦਿੱਤਾ। ਇਸ ਮੌਕੇ ਐੱਨਆਰਆਈ ਕੋਠੀ ’ਤੇ ਕਬਜ਼ੇ ਦੇ ਮਾਮਲੇ ’ਚ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਦੇ 31 ਜੁਲਾਈ ਨੂੰ ਕੀਤੇ ਜਾ ਰਹੇ ਘਿਰਾਓ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ।