ਮੀਰਾਂਪੁਰ ਚੋਅ ਦਾ ਪੁਲ ਉੱਚਾ ਤੇ ਲੰਮਾ ਕਰਨ ਦੀ ਮੰਗ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 26 ਜੁਲਾਈ
ਦੇਵੀਗੜ੍ਹ ਨੇੜੇ ਮੀਰਾਂਪੁਰ ਚੋਅ ’ਤੇ ਪਟਿਆਲਾ-ਪਹੇਵਾ ਰਾਜ ਮਾਰਗ ’ਤੇ ਬਣਿਆ ਪੁਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਜਦੋਂ ਇਸ ਚੋਅ ਵਿੱਚ ਹੜ੍ਹ ਆਇਆ ਸੀ ਤਾਂ ਪੁਲ ਨੀਵਾਂ ਤੇ ਘੱਟ ਲੰਬਾ ਹੋਣ ਕਾਰਨ ਇਸ ਵਿੱਚ ਬੂਟੀ ਫਸ ਗਈ ਸੀ, ਜਿਸ ਕਾਰਨ ਹੜ੍ਹ ਦਾ ਪਾਣੀ ਰੁਕ ਗਿਆ ਸੀ। ਇਸ ਨਾਲ ਚੋਅ ਦੇ ਪੁਲ ਤੋਂ ਪਿਛਲੇ ਪਾਸੇ ਵਸਦੇ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਇਸ ਚੋਅ ਦਾ ਪਾਣੀ ਭਰ ਗਿਆ ਸੀ ਜਿਸ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ।
ਇਸ ਪੁਲ ਨੂੰ ਉੱਚਾ ਚੁੱਕਣ ਅਤੇ ਲੰਮਾ ਕਰਨ ਲਈ ਪਿੰਡਾਂ ਦੇ ਲੋਕਾਂ ਨੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਪ੍ਰਸ਼ਾਸਨ ਕੋਲ ਮੰਗ ਰੱਖੀ ਹੈ ਕਿ ਇਸ ਪੁਲ ਨੂੰ ਚੌੜਾ ਅਤੇ ਲੰਮਾ ਕੀਤਾ ਜਾਵੇ ਤਾਂ ਕਿ ਹੜ੍ਹ ਦਾ ਪਾਣੀ ਇਸ ਪੁਲ ਵਿਚੋਂ ਬਨਿਾਂ ਕਿਸੇ ਰੁਕਾਵਟ ਦੇ ਅੱਗੇ ਨਿਕਲ ਸਕੇ।
ਪਿੰਡ ਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਇਸ ਦੇ ਅਗਲੇ ਪਾਸੇ ਕਾਫੀ ਵੱਡਾ ਬੀੜ ਹੈ ਜਿਸ ਵਿਚੋਂ ਇਹ ਚੋਆ ਲੰਘਦਾ ਹੈ। ਇਸ ਬੀੜ ਦੇ ਬਹੁਤ ਸਾਰੇ ਦਰੱਖਤ ਮੀਰਾਂਪੁਰ ਚੋਏ ਵਿੱਚ ਡਿੱਘੇ ਹੋਏ ਹਨ, ਜੋ ਕਿ ਪਾਣੀ ਨੂੰ ਰੋਕ ਦਿੰਦੇ ਹਨ ਜਿਸ ਕਾਰਨ ਆਲੇ ਦੁਆਲੇ ਦੇ ਖੇਤਾਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ।
ਇਸ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਦੇਵੀਗੜ੍ਹ-ਪਟਿਆਲਾ ਹਾਈਵੇ ’ਤੇ ਪਿੰਡ ਮੀਰਾਂਪੁਰ ਤੋਂ ਸਵਾਈ ਸਿੰਘ ਵਾਲ਼ਾ ਤੱਕ ਸੜਕ ਉੱਚੀ ਹੋਣ ਕਰਕੇ ਹੜ੍ਹ ਦਾ ਪਾਣੀ ਰੁਕ ਜਾਂਦਾ ਹੈ ਜਿਸ ਲਈ ਉੱਥੇ ਪੁਲੀਆਂ ਬਣ ਜਾਣ ਤਾਂ ਕਿ ਪਾਣੀ ਅਸਾਨੀ ਨਾਲ਼ ਨਿਕਲ ਸਕੇ।