ਸ਼ਹੀਦਾਂ ਦੇ ਗੁਪਤ ਟਿਕਾਣੇ ਸਾਂਭਣ ਦੀ ਮੰਗ
ਜਸਵੰਤ ਜੱਸ
ਫਰੀਦਕੋਟ, 16 ਨਵੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਨੌਜਵਾਨ ਭਾਰਤ ਸਭਾ ਵੱਲੋ ਸੂਬਾ ਪੱਧਰੀ ਸੱਦੇ ’ਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨਾ ਲਗਾ ਕੇ ਮੰਗ ਪੱਤਰ ਦਿੱਤਾ ਗਿਆ। ਨੌਜਵਾਨ ਭਾਰਤ ਸਭਾ ਦੇ ਜਰਨਲ ਸਕੱਤਰ ਮੰਗਾ ਆਜ਼ਾਦ ਤੇ ਸੂਬਾ ਵਿੱਤ ਸਕੱਤਰ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਭਾ ਦੇ ਸ਼ਹੀਦੀ ਦਿਹਾੜੇ ‘ਤੇ ਪੂਰੇ ਪੰਜਾਬ ਅੰਦਰ ਵਿਧਾਇਕਾਂ ਤੇ ਮੰਤਰੀਆ ਦੇ ਘਰਾਂ ਵੱਲ ਰੋਸ ਮੁਜ਼ਾਹਰੇ ਕਰਕੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸਾਂਭਣ ਲਈ ਮੰਗ ਪੱਤਰ ਦਿੱਤੇ ਜਾਣਗੇ, ਜਿਸ ਤਹਿਤ ਹੀ ਅੱਜ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਵੱਲ ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਦੇ ਨੌਜਵਾਨਾਂ ਵੱਲੋਂ ਰੋਸ ਮੁਜ਼ਾਹਰਾ ਕਰਕੇ ਧਰਨਾ ਲਗਾਇਆ ਗਿਆ। ਆਗੂਆ ਨੇ ਕਿਹਾ ਕਿ ਉਹ ਪਿਛਲੇ ਦਸ ਗਿਆਰਾਂ ਸਾਲਾ ਤੋਂ ਲਗਾਤਾਰ ਸ਼ੰਘਰਸ਼ ਕਰ ਰਹੇ ਹਨ ਕਿ ਸ਼ਹੀਦ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਗੁਪਤ ਟਿਕਾਣਿਆਂ ਦੀ ਸੰਭਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਟਿਕਾਣਾ ਨਹੀ ਹੈ, ਇਹ ਭਗਤ ਸਿੰਘ ਹੋਰਾਂ ਦੀ ਕ੍ਰਾਂਤੀਕਾਰੀ ਪਾਰਟੀ ਐਚ.ਐਸ.ਆਰ.ਏ ਦਾ ਮੇਨ ਹੈੱਡਕੁਆਟਰ ਹੈ ਇਸ ਨਾਲ ਬਹੁਤ ਸਾਰਾ ਇਤਹਾਸ ਜੁੜਿਆ ਹੋਇਆ ਹੈ। ਆਗੂਆ ਨੇ ਕਿਹਾ ਕਿ ਸੱਤਾ ਵਿੱਚ ਆਉਣ ਲਈ ਆਮ ਆਦਮੀ ਪਾਰਟੀ ਨੇ ਭਗਤ ਸਿੰਘ ਦਾ ਨਾਮ ਵਰਤ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤੇਜ਼ ਕਰਨਗੇ।