ਹਜ਼ੂਰ ਸਾਹਿਬ ਲਈ ਰੇਲਗੱਡੀਆਂ ਦਾ ਰੂਟ ਵਧਾਉਣ ਦੀ ਮੰਗ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 21 ਮਾਰਚ
ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਜਾਣ ਵਾਲ਼ੀ ਸੰਗਤ ਦੇ ਵਫ਼ਦ ਨੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਦੀ ਅਗਵਾਈ ਹੇਠ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਟਰੇਨ ਦੇ ਰੂਟ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਆਵਾਜਾਈ ਬਹੁਤ ਵਧ ਗਈ ਹੈ। ਇਸ ਕਰਕੇ ਸੰਗਤ ਨੂੰ ਟਿਕਟਾਂ ਮਿਲਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਟਿਕਟਾਂ ਨਾਂ ਮਿਲਣ ਕਰਕੇ ਬਹੁਤ ਸਾਰੀਆਂ ਸੰਗਤਾਂ ਸੱਚਖੰਡ ਦੇ ਦਰਸ਼ਨਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਜਥੇਦਾਰ ਬਘੌਰਾ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰ ਸਾਹਿਬ ਨੰਦੇੜ ਨੂੰ ਜਾਣ ਵਾਲ਼ੀ ਸੱਚਖੰਡ ਐਕਸਪ੍ਰੈੱਸ ਟਰੇਨ ਵਿੱਚ ਸਫ਼ਾਈ ਦਾ ਮੰਦੜਾ ਹਾਲ ਹੈ ਅਤੇ ਟਰੇਨ ਬਿਨਾਂ ਵਜ੍ਹਾ ਨੰਦੇੜ ਲੇਟ ਪਹੁੰਚ ਰਹੀ ਹੈ ਜਿਸ ਕਾਰਨ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਲਈ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ।