ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ ਵਧਾਉਣ ਦੀ ਮੰਗ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਜੁਲਾਈ
ਆਮ ਆਦਮੀ ਪਾਰਟੀ ਓਬੀਸੀ ਮੋਰਚੇ ਦੇ ਸੂਬਾ ਮੀਤ ਪ੍ਰਧਾਨ ਨਾਇਬ ਸਿੰਘ ਪਟਾਕ ਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਅਗਾਊਂ ਪ੍ਰਬੰਧ ਨਾ ਕਰਨ ਕਰਕੇ ਲੋਕਾਂ ਨੂੰ ਹੜ੍ਹ ਦੀ ਮਾਰ ਝੱਲਣੀ ਪਈ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ।
ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖਰਾਬ ਹੋਈ ਫਸਲ ਦੇ ਲਈ 15 ਹਜ਼ਾਰ ਰੁਪਏ ਦੀ ਬਜਾਏ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਏ। ਪਟਾਕ ਮਾਜਰਾ ਬਾਬੈਨ ਖੇਤਰ ਵਿਚ ਹੜ੍ਹ ਦੇ ਪਾਣੀ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਨਾਜ ਮੰਡੀ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਵਿਚ ਦੇਰੀ ਕਾਰਨ ਵਰਤਮਾਨ ਵਿਚ ਸਾਹਮਣੇ ਆਈ ਭਿਆਨਕ ਸਥਿਤੀ ਨੇ ਸਰਕਾਰ ਦੇ ਆਫਤ ਪ੍ਰਬੰਧਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਸਰਸਵਤੀ ਨਦੀ ਦੀ ਸਫਾਈ ਤੋਂ ਇਲਾਵਾ ਕਨਿਾਰੇ ਮਜ਼ਬੂਤ ਹੁੰਦੇ ਤਾਂ ਅੱਜ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਨਾ ਹੁੰਦੀ। ਮੀਡੀਆ ਬੁਲਾਰੇ ਅਮਰੀਕ ਸਿੰਘ ਨੇ ਕਿਹਾ ਕਿ ਪਾਣੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਵਿਚ ਸਰਕਾਰ ਫੇਲ੍ਹ ਸਾਬਤ ਹੋਈ ਹੈ। ਪ੍ਰਸ਼ਾਸਨ ਵਲੋਂ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਸਮੇਂ ’ਤੇ ਜ਼ਰੂਰੀ ਮਦਦ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਬਰਸਾਤ ਨੇ ਕਿਸਾਨਾਂ ਨੂੰ ਹੋਰ ਕਰਜ਼ ਥੱਲੇ ਡੁਬੋ ਦਿੱਤਾ ਹੈ। ਭਾਕਿਯੂ ਨੇਤਾ ਸੁਖਵਿੰਦਰ ਭੁਖੜੀ ਨੇ ਕਿਹਾ ਹੈ ਸਰਕਾਰ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਦੀ ਆਰਥਿਤ ਸਹਾਇਤਾ ਕਰੇ। ਇਸ ਮੌਕੇ ਬਲਾਕ ਪ੍ਰਧਾਨ ਸੁਭਾਸ਼ ਕਸੀਥਲ, ਲਾਲ ਸਿੰਘ ਚਕਚਾਨ ਪੁਰ, ਸਤਬੀਰ ਸਿੰਘ, ਅਸ਼ੋਕ ਗੁੜੀ, ਗੁਰਦਿਆਲ ਸਿੰਘ ਤੇ ਰਾਜ ਕੁਮਾਰ ਆਦਿ ਮੌਜੂਦ ਸਨ।