ਸਹਿਕਾਰੀ ਸੁਸਾਇਟੀਆਂ ’ਚ ਆਡੀਟਰ ਤੇ ਹਲਕਾ ਨਿਰੀਖਕਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ
ਬੀਰਬਲ ਰਿਸ਼ੀ
ਧੂਰੀ, 26 ਸਤੰਬਰ
ਸਹਿਕਾਰੀ ਸਭਾਵਾਂ ਦੇ ਮੋਹਰੀ ਨੁਮਾਇੰਦਾ ਕਿਸਾਨ ਆਗੂਆਂ ਦੇ ਵਫ਼ਦ ਨੇ ਅੱਜ ਵਧੀਕ ਰਜਿਸਟਰਾਰ ਚੰਡੀਗੜ੍ਹ ਬਰਜਿੰਦਰ ਕੌਰ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਕਿ ਸੁਸਾਇਟੀਆਂ ’ਚ ਗਬਨ ਦੀਆਂ ਕਾਰਵਾਈਆਂ ਨੂੰ ਠੱਲ੍ਹਣ ਲਈ ਆਡੀਟਰ ਤੇ ਹਲਕਾ ਨਿਰੀਖਕਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਸੈਂਟਰ ਕੋ-ਆਪਰੇਟਿਵ ਬੈਂਕ ਦੇ ਡਾਇਰੈਕਟਰ, ਸੰਗਰੂਰ, ਮਾਲੇਰਕੋਟਲਾ ਤੇ ਬਰਨਾਲਾ ਅਧਾਰਤ ਜ਼ਿਲ੍ਹਿਆ ਦੇ ਜ਼ੋਨ ਪ੍ਰਧਾਨ ਸਹਿਕਾਰੀ ਸੇਵਾਵਾਂ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਡਾਇਰੈਕਟਰ ਗੁਰਮੀਤ ਸਿੰਘ ਤੇ ਕਿਸਾਨ ਆਗੂ ਸੁਖਜੀਤ ਧੰਦੀਵਾਲ ਨੇ ਇਸ ਮੌਕੇ ਵਧੀਕ ਰਜਿਸਟਰਾਰ ਨੂੰ ਮੰਗ ਪੱਤਰ ਵੀ ਸੌਂਪਿਆ।
ਉਨ੍ਹਾਂ ਦੱਸਿਆ ਕਿ ਸੁਸਾਇਟੀਆਂ ਵਿੱਚ ਗਬਨ ਦੇ ਮਾਮਲਿਆਂ ਵਿੱਚ ਚੁਣੀ ਹੋਈ ਕਮੇਟੀ, ਸੈਕਟਰੀ ਜਾਂ ਹੋਰ ਅਮਲੇ ’ਤੇ ਗਾਜ਼ ਗਿਰਦੀ ਹੈ, ਜਦਕਿ ਨਜ਼ਰਸਾਨੀ ਕਰਨ ਵਾਲੇ ਆਡੀਟਰ ਅਤੇ ਹਲਕਾ ਨਿਰੀਖ਼ਕਾਂ ਨੂੰ ਬਿਨਾ ਪੜਤਾਲ ਕੀਤਿਆਂ ਹੀ ਕਲੀਨ ਚਿੱਟ ਮਿਲ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਰਧਾਰਤ ਕਰ ਕੇ ਜਵਾਬਦੇਹੀ ਬਣਾਈ ਜਾਵੇ। ਇਸੇ ਤਰ੍ਹਾਂ ਸਾਲ ਵਿੱਚ ਇੱਕ ਵਾਰ ਸਭਾਵਾਂ ਦੇ ਹਿਸਾਬ ਦਾ ਮੁਲਾਂਕਣ ਵੀ ਕੀਤਾ ਜਾਵੇ।