ਬਰਸਾਤੀ ਚੋਅ ਰਾਹੀਂ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਦੀ ਮੰਗ
ਲਾਲੜੂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਡੇਰਾਬੱਸੀ ਦੀ ਅਗਵਾਈ ਹੇਠ ਅੱਜ ਪਿੰਡ ਜੰਡਲੀ ਅਤੇ ਹੋਰ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਇੱਕ ਇਕੱਠ ਕੀਤਾ ਗਿਆ। ਆਗੂਆਂ ਨੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇੱਥੇ ਛਛਰੋਲੀ ਦੇ ਰਕਬੇ ਵਿੱਚ ਲੱਗੀ ਇੱਕ ਫੈਕਟਰੀ ਵੱਲੋਂ ਬਰਸਾਤੀ ਚੋਅ ਦੀ ਨਿਕਾਸੀ ਬੰਦ ਕੀਤੀ ਹੋਈ ਹੈ, ਜਿਸ ਕਾਰਨ ਇਲਾਕੇ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਆਗੂਆਂ ਨੇ ਜਦੋਂ ਕੰਪਨੀ ਪ੍ਰਬੰਧਕਾਂ ਨਾਲ ਇਸ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਜਥੇਬੰਦੀ ਨੂੰ ਕੋਈ ਪੱਕਾ ਭਰੋਸਾ ਨਹੀਂ ਦਿੱਤਾ। ਜਥੇਬੰਦੀ ਨੇ ਅੱਜ ਸ਼ਾਮ ਤੱਕ ਦਾ ਅਲਟੀਮੇਟਮ ਦਿੰਦਿਆਂ ਭਲਕ ਤੋਂ ਫੈਕਟਰੀ ਅੱਗੇ ਪੱਕਾ ਮੋਰਚਾ ਲਾਉਣ ਚਿਤਾਵਨੀ ਦਿੱਤੀ। ਕਿਸਾਨ ਆਗੂੁ ਲਖਵਿੰਦਰ ਸਿੰਘ ਹੈਪੀ ਮਲਕਪੁਰ ਤੇ ਗੁਰਚਰਨ ਸਿੰਘ ਟੌਹੜਾ ਨੇ ਕਿਹਾ ਕਿ ਜਦੋਂ ਤੱਕ ਕੰਪਨੀ ਪ੍ਰਬੰਧਕ ਪੀੜਤ ਕਿਸਾਨਾਂ ਦੀ ਗੱਲ ਨਹੀਂ ਸੁਣਦੇ ਅਤੇ ਬਰਸਾਤੀ ਚੋਅ ਦੀ ਨਿਕਾਸੀ ਦਰੁਸਤ ਨਹੀਂ ਕਰਦੇ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।