ਪੀਯੂ ਨੂੰ ਸੂਬੇ ਦੀ ਯੂਨੀਵਰਸਿਟੀ ਐਲਾਨਣ ਦੀ ਮੰਗ
ਕੁਲਦੀਪ ਸਿੰਘ
ਚੰਡੀਗੜ੍ਹ, 7 ਨਵੰਬਰ
ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਨਾ ਕਰਵਾਏ ਜਾਣ ਅਤੇ ਚੋਣਾਂ ਤੱਕ ਮੌਜੂਦਾ ਸੈਨੇਟ ਦੀ ਮਿਆਦ ਵਧਾਉਣ ਦੀ ਮੰਗ ਨੂੰ ਲੈ ਕੇ ਵਾਈਸ ਚਾਂਸਲਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਅੱਜ ਵੀ ਜਾਰੀ ਰਿਹਾ। ਧਰਨੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਦੋਵੇਂ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਰਿਮਲਜੋਤ ਸਿੰਘ ਨੇ ਕਿਹਾ ਕਿ ਵਾਰ-ਵਾਰ ਸੈਨੇਟ ਚੋਣਾਂ ਨਾ ਕਰਵਾਉਣ ਦੇ ਮਸਲੇ ਦਾ ਪੱਕਾ ਹੱਲ ਇਹ ਹੈ ਕਿ ਪੰਜਾਬ ਯੂਨੀਵਰਸਟੀ ਦੇ ‘ਇੰਟਰ ਸਟੇਟ ਸਟੇਟਸ’ ਨੂੰ ਹਟਾ ਕੇ, ਇਸ ਨੂੰ ਪੰਜਾਬ ਸੂਬੇ ਦੀ ਯੂਨੀਵਰਸਟੀ ਐਲਾਨਣ ਲਈ ਪੰਜਾਬ ਵਿਧਾਨ ਸਭਾ ਵਿੱਚ ਫੌਰੀ ਤੌਰ ’ਤੇ ਮਤਾ ਪਾਸ ਕੀਤਾ ਜਾਵੇ।
ਪੰਜਾਬ ਯੂਨੀਵਰਸਟੀ ਬਚਾਓ ਮੋਰਚੇ ਦੀ ਅਗਲੀ ਕਾਰਵਾਈ ਤਹਿਤ ਪੰਜ ਮੈਂਬਰੀ ਕਮੇਟੀ ਬਣਾਈ ਗਈ। ਇਸ ਪੰਜ ਮੈਂਬਰੀ ਕਮੇਟੀ ਦੇ ਕਮੇਟੀ ਮੁਖੀ ਜਥੇਬੰਦੀ ‘ਸੱਥ’ ਤੋਂ ਰਿਮਲਜੋਤ ਸਿੰਘ, ਕਮੇਟੀ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੋਪੂ ਆਗੂ ਅਵਤਾਰ ਸਿੰਘ ਨੂੰ, ਐੱਸਓਆਈ ਤੋਂ ਗੁਰਸਿਮਰਨ ਸਿੰਘ ਨੂੰ ਅਤੇ ਸਮਰਥਨ ਕਰਨ ਵਾਲੀਆਂ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਵਿੱਚੋਂ ਗਗਨਦੀਪ ਸਿੰਘ ਨੂੰ ਦਿੱਤੀ ਗਈ ਹੈ। ਸੈਨੇਟਰਾਂ ਵਿੱਚੋਂ ਇੱਕ ਮੈਂਬਰ ਰਵਿੰਦਰ ਸਿੰਘ ਬਿੱਲਾ ਧਾਲੀਵਾਲ ਨੂੰ ਲਿਆ ਗਿਆ ਹੈ। ਇਹ ਪੰਜ ਮੈੰਬਰ ਪੰਜਾਬ ਯੂਨੀਵਰਸਟੀ ਬਚਾਓ ਮੋਰਚੇ ਦੀ ਅਗਵਾਈ ਕਰਨਗੇ। ਮੋਰਚੇ ਦੀ ਅਗਲੀ ਵਿਉਂਤਬੰਦੀ, ਰੂਪਰੇਖਾ ਅਤੇ ਸਾਰੇ ਫ਼ੈਸਲੇ ਇਸ ਕਮੇਟੀ ਦੇ ਜ਼ਰੀਏ ਹੀ ਲਏ ਜਾਣਗੇ।
ਸਾਰੇ ਲੀਡਰਾਂ ਵੱਲੋਂ ਮੋਰਚੇ ਦਾ ਪੁਰਜ਼ੋਰ ਹਮਾਇਤ ਕੀਤੀ ਗਈ ਅਤੇ ਕਿਹਾ ਗਿਆ ਕਿ ਵਿਦਿਆਰਥੀਆਂ ਵੱਲੋਂ ਵਿੱਢਿਆ ਗਿਆ ਇਹ ਸੰਘਰਸ਼ ਬਹੁਤ ਗੰਭੀਰ ਅਤੇ ਸੰਜੀਦਾ ਮਸਲੇ ਵੱਲ ਇਸ਼ਾਰਾ ਕਰ ਰਿਹਾ ਹੈ। ਇਹ ਗੰਭੀਰ ਮਸਲਾ ਹੈ ਕਿ ਪੰਜਾਬ ਯੂਨੀਵਰਸਟੀ ਨੂੰ ਪੰਜਾਬ ਤੋਂ ਖੋਹ ਕੇ ਕੇਂਦਰ ਦੀ ਝੋਲੀ ਪਾਉਣਾ। ਲੀਡਰਸ਼ਿਪ ਨੇ ਭਰੋਸਾ ਦਿੱਤਾ ਕਿ ਉਹ ਸਾਰੇ ਪਾਰਟੀਬਾਜ਼ੀ ਅਤੇ ਧੜੇਬਾਜ਼ੀ ਤੋਂ ਉਤਾਂਹ ਉੱਠ ਕੇ, ਵਿਦਿਆਰਥੀਆਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਖੜ੍ਹਨਗੇ ਅਤੇ ਹਰੇਕ ਕਾਰਵਾਈ, ਵਿਉਂਤਬੰਦੀ ਵਿਚ ਉਹ ਮੋਰਚੇ ਦਾ ਪੂਰਨ ਸਹਿਯੋਗ ਕਰਨਗੇ।