ਭਗਵਾਨ ਵਾਲਮੀਕਿ ਦੇ ਪ੍ਰਗਟ ਦਿਹਾੜੇ ’ਤੇ ਕੌਮੀ ਛੁੱਟੀ ਐਲਾਨਣ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਦਸੰਬਰ
ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਸਫ਼ਾਈ ਸੇਵਕਾਂ ਅਤੇ ਦਲਿਤ ਭਾਈਚਾਰੇ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ਭਾਵਾਧਸ ਦੇ ਰਾਸ਼ਟਰੀ ਜਨਰਲ ਸਕੱਤਰ ਰਾਜਕੁਮਾਰ ਸਾਥੀ ਨੇ ਦੱਸਿਆ ਹੈ ਕਿ ਸੰਗਠਨ ਦੇ ਉੱਚ ਪੱਧਰੀ ਵਫ਼ਦ ਸਰਵਉੱਚ ਨਿਰਦੇਸ਼ਕ ਸਵਾਮੀ ਚੰਦਰਪਾਲ ਅਨਾਰੀਆ ਅਤੇ ਕੌਮੀ ਮੁੱਖ ਸੰਚਾਲਕ ਵਿਰੋਤਮ ਸ਼ਿਵ ਕੁਮਾਰ ਬਿਡਲਾ ਦੀ ਅਗਵਾਈ ਵਿੱਚ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਹਾੜੇ ’ਤੇ ਕੌਮੀ ਛੁੱਟੀ ਐਲਾਨਣ, ਪੂਰੇ ਦੇਸ਼ ਵਿੱਚ ਸਫ਼ਾਈ ਦੇ ਕੰਮ ਨੂੰ ਠੇਕੇਦਾਰੀ ਪ੍ਰਥਾ ਤੋਂ ਮੁਕਤ ਕਰਨ ਅਤੇ 1998 ਵਿੱਚ ਉਸ ਵੇਲੇ ਦੇ ਮਾਣਯੋਗ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਵਾਲਮੀਕਿ ਸਮਾਜ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਆਪਣੇ ਪੱਤਰ ਨਾਲ ਨੱਥੀ ਕਰਕੇ ਮੰਗ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਭੇਜ ਦਿੱਤਾ ਹੈ। ਵਫਦ ਵਿੱਚ ਰਾਸ਼ਟਰੀ ਨਿਰਦੇਸ਼ਕ ਨਰੇਸ਼ ਧੀਂਗਾਨ, ਰਾਜਕੁਮਾਰ ਸਾਥੀ, ਸਾਬਕਾ ਵਿਧਾਇਕ ਲਤਿਕਾ ਸ਼ਰਮਾ ਤੇ ਭਾਵਾਧਸ ਦਿੱਲੀ ਦੇ ਕਨਵੀਨਰ ਡਾ. ਵਿਪਿਨ ਪਹੀਵਾਲ ਵੀ ਸ਼ਾਮਲ ਸਨ।