ਪਿੰਡ ਸੋਹਾਣਾ ਸਣੇ ਸੈਕਟਰ-76 ਤੋਂ 80 ਖੇਤਰ ਨੂੰ ਨਹਿਰੀ ਪਾਣੀ ਨਾਲ ਜੋੜਨ ਦੀ ਮੰਗ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 21 ਅਕਤੂਬਰ
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਸਮੇਤ ਸੈਕਟਰ76 ਤੋਂ 80 ਖੇਤਰ ਨੂੰ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਅਕਾਲੀ ਦਲ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਨੇ ਸਥਾਨਕ ਸਰਕਾਰਾਂ ਵਿਭਾਗ ਅਤੇ ਅਤੇ ਜਨ ਸਪਲਾਈ ਵਿਭਾਗ ਦੇ ਕੈਬਨਿਟ ਮੰਤਰੀਆਂ ਨੂੰ ਪੱਤਰ ਲਿਖ ਕੇ ਪਿੰਡ ਸੋਹਾਣਾ ਨੂੰ ਨਹਿਰੀ ਪਾਣੀ ਨਾਲ ਜੋੜਨ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਵੀ ਪੱਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਡੂੰਘਾ ਜਾਣ ਕਾਰਨ ਸ਼ਹਿਰ ਵਿਚਲੇ ਕਾਫ਼ੀ ਟਿਊਬਵੈੱਲ ਫੇਲ੍ਹ ਹੋ ਚੁੱਕੇ ਹਨ। ਅੱਜ ਇੱਥੇ ਗੱਲਬਾਤ ਦੌਰਾਨ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਸੈਕਟਰ-70 ਅਤੇ ਸੈਕਟਰ-71 ਪਹਿਲਾਂ ਹੀ ਨਹਿਰੀ ਪਾਣੀ ਨਾਲ ਜੁੜਿਆ ਹੋਇਆ ਹੈ ਜਦੋਂਕਿ ਗੁਆਂਢ ਵਿੱਚ ਵੱਸਦਾ ਸੋਹਾਣਾ ਇਸ ਸਹੂਲਤ ਤੋਂ ਵਾਂਝਾ ਹੈ। ਅਕਾਲੀ ਕੌਂਸਲਰ ਨੇ ਕਿਹਾ ਕਿ ਉਹ ਪਾਣੀ ਸਪਲਾਈ ਦਾ ਮੁੱਦਾ ਕਈ ਵਾਰ ਨਗਰ ਨਿਗਮ ਦੀ ਮੀਟਿੰਗਾਂ ਵਿੱਚ ਚੁੱਕਦੇ ਰਹੇ ਹਨ ਪਰ ਕਾਬਜ਼ ਧਿਰ ਨੇ ਹਮੇਸ਼ਾ ਇਸ ਨੂੰ ਅਣਗੌਲਿਆ ਕੀਤਾ। ਉਨ੍ਹਾਂ ਸਾਂਝੀਆਂ ਮੰਗਾਂ ਲਈ ਸਾਥੀ ਕੌਂਸਲਰਾਂ ਅਤੇ ਆਮ ਨਾਗਰਿਕਾਂ ਨੂੰ ਇੱਕ ਮੰਚ ’ਤੇ ਇਕੱਠ ਹੋਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ, ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਨੇ ਇਸ ਪਾਸੇ ਫੌਰੀ ਧਿਆਨ ਨਾ ਦਿੱਤਾ ਤਾਂ ਆਉਂਦੇ ਦਿਨਾਂ ਵਿੱਚ ਅਕਾਲੀ ਦਲ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗਾ।