ਪੰਜਾਬ ’ਚ ਪਰਵਾਸੀਆਂ ਦੇ ਵੋਟਰ ਕਾਰਡ ਰੱਦ ਕਰਨ ਦੀ ਮੰਗ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 24 ਨਵੰਬਰ
ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਦੇ ਵਸਨੀਕ ਦਿਲਪ੍ਰੀਤ ਸਿੰਘ (16) ਅਤੇ ਦਮਨਪ੍ਰੀਤ ਸਿੰਘ (17) ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਕੁੰਭੜਾ ਦੇ ਵਾਲਮੀਕਿ ਮੰਦਰ ਨੇੜਲੇ ਪਾਰਕ ’ਚ ਕੀਤਾ ਗਿਆ। ਵੱਖ-ਵੱਖ ਰਾਜਸੀ ਆਗੂਆਂ ਨੇ ਦੋਵੇਂ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਪੰਜਾਬ ’ਚ ਪਰਵਾਸੀਆਂ ਦੇ ਆਧਾਰ ਤੇ ਵੋਟਰ ਕਾਰਡ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ। ਐੱਸਡੀਐੱਮ ਦਮਨਦੀਪ ਕੌਰ ਨੇ ਵਿਧਾਇਕ ਦੀ ਮੌਜੂਦਗੀ ’ਚ ਮ੍ਰਿਤਕ ਦਮਨਪ੍ਰੀਤ ਦੀ ਮਾਂ ਨੂੰ ਦੋ ਲੱਖ ਰੁਪਏ ਦਾ ਚੈੱਕ ਦਿੱਤਾ। ਪਰਵਾਸੀਆਂ ਖ਼ਿਲਾਫ਼ ਬਣੀਆਂ ਦੋ ਕਮੇਟੀਆਂ ਦੇ ਪ੍ਰਧਾਨਾਂ ਕੁਲਦੀਪ ਸਿੰਘ ਅਤੇ ਮਨਦੀਪ ਸਿੰਘ ਵੱਲੋਂ ਪੀੜਤ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਗਏ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ। ਅਦਾਕਾਰਾ ਸੋਨੀਆ ਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਅਮਤੋਜ ਮਾਨ ਨੇ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਇਸ ਦੌਰਾਨ ਪੰਜਾਬ ਵਿੱਚ ਪਰਵਾਸੀ ਪਰਿਵਾਰਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਵੋਟਰ ਕਾਰਡ ਨਹੀਂ ਕੱਟੇ ਗਏ ਤਾਂ ਇਸ ਸਬੰਧੀ ਪੰਜਾਬ ਭਰ ’ਚ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਜਥੇਦਾਰ ਤਰਸੇਮ ਸਿੰਘ, ਜਥੇਦਾਰ ਸਿਕੰਦਰ ਸਿੰਘ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਆਦਿ ਮੌਜੂਦ ਸਨ।