ਸਾਬਕਾ ਮੇਅਰ ਦੀ ਮੈਂਬਰਸ਼ਿਪ ਖਾਰਜ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 26 ਅਗਸਤ
ਨਗਰ ਨਿਗਮ ਬਠਿੰਡਾ ਦੇ ਕੌਂਸਲਰ ਅਤੇ ਬਲਾਕ ਬਠਿੰਡਾ ਦੇ ਕਾਂਗਰਸ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ਨਿਗਮ ਦੇ ਕਮਿਸ਼ਨਰ ਨੂੰ ਅਰਜ਼ੀ ਦੇ ਕੇ ਸਾਬਕਾ ਮੇਅਰ ਰਮਨ ਗੋਇਲ ਅਤੇ ਕੌਂਸਲਰ ਇੰਦਰਜੀਤ ਸਿੰਘ ਇੰਦਰ ਦੀ ਮੈਂਬਰਸ਼ਿਪ ਖਾਰਜ ਕੀਤੇ ਜਾਣ ਲਈ ਪੱਤਰ ਲਿਖਿਆ ਹੈ। ਪੱਤਰ ’ਤੇ ਕਾਰਵਾਈ ਅਮਲ ’ਚ ਆਉਣ ਦੀ ਸੂਰਤ ’ਚ ਪਿਛਲੇ ਦਿਨੀਂ ਮੇਅਰ ਦੀ ਕੁਰਸੀ ਗੁਆ ਚੁੱਕੀ ਰਮਨ ਗੋਇਲ ਨੂੰ ਕੌਂਸਲਰ ਦੀ ਮੈਂਬਰਸ਼ਿਪ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਕੌਂਸਲਰ ਬਲਰਾਜ ਸਿੰਘ ਪੱਕਾ ਨੇ ਦੋਵਾਂ ਕੌਂਸਲਰਾਂ ਵੱਲੋਂ ਕੌਂਸਲ ਦੀਆਂ ਨਿਰੰਤਰ ਤਿੰਨ ਮੀਟਿੰਗਾਂ ’ਚੋਂ ਗੈਰਹਾਜ਼ਰ ਰਹਿਣ ਦੀ ਗੱਲ ਕਰਦਿਆਂ, ਕਮਿਸ਼ਨਰ ਕੋਲੋਂ ਦੋਵਾਂ ਖ਼ਿਲਾਫ਼ ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 36 ਅਧੀਨ ਕਾਰਵਾਈ ਦੀ ਮੰਗ ਕੀਤੀ ਹੈ। ਬਲਰਾਜ ਸਿੰਘ ਪੱਕਾ ਹੁਰਾਂ ਦਾ ਦਾਅਵਾ ਹੈ ਕਿ ਅਗਰ ਕੋਈ ਕੌਂਸਲਰ ਕਾਰਪੋਰੇਸ਼ਨ ਦੇ ਜਨਰਲ ਹਾਊਸ ਦੀਆਂ ਤਿੰਨ ਮੀਟਿੰਗਾਂ ’ਚ ਗ਼ੈਰਹਾਜ਼ਰ ਰਹਿੰਦਾ ਹੈ ਤਾਂ ਕਾਨੂੰਨਨ ਉਸਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਆਹਲਾ ਕਾਂਗਰਸੀ ਲੀਡਰਸ਼ਿਪ ਅਤੇ ਕਾਨੂੰਨ ਦੇ ਜਾਣਕਾਰਾਂ ਨਾਲ ਇਸ ਮੁੱਦੇ ’ਤੇ ਤਫ਼ਸੀਲ ’ਚ ਚਰਚਾ ਕਰਨ ਮਗਰੋਂ ਹੀ ਉਹ ਕਾਰਵਾਈ ਕੀਤੇ ਜਾਣ ਦੀ ਮੰਗ ਨਾਲ ਅੱਗੇ ਵਧੇ ਹਨ।
ਉਧਰ ਨਗਰ ਨਿਗਮ ਕਮਿਸ਼ਨਰ ਰਾਹੁਲ ਨੇ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਕਾਨੂੰਨੀ ਨੁਕਤਾ-ਇ-ਨਿਗ੍ਹਾ ਤੋਂ ਪੱਤਰ ਨੂੰ ਵਾਚ ਕੇ ਹੀ ਇਸ ਪਾਸੇ ਕੋਈ ਕਦਮ ਚੁੱਕਣਗੇ। ਗੌਰਤਲਬ ਹੈ ਕਿ ਗ਼ੈਰ ਰਾਜਨੀਤਕ ਪਿਛੋਕੜ ਵਾਲੀ ਰਮਨ ਗੋਇਲ ਦਾ ਪਰਿਵਾਰ ਤਤਕਾਲੀ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਰਿਹਾ ਹੈ। ਇਹੋ ਵਜ੍ਹਾ ਰਹੀ ਕਿ ਪੁਰਾਣੇ ਕਾਂਗਰਸੀ ਚੱਲੇ ਆ ਰਹੇ ਕਈ ਕੌਂਸਲਰਾਂ ਨੂੰ ਪਿਛਾਂਹ ਕਰਕੇ ਉਨ੍ਹਾਂ ਨੂੰ ਮੇਅਰ ਬਣਾਇਆ ਗਿਆ ਸੀ। ਅਹਿਮ ਗੱਲ ਇਹ ਹੈ ਕਿ ਕੁਝ ਅਰਸਾ ਪਹਿਲਾਂ ਕਾਂਗਰਸੀ ਕੌਂਸਲਰਾਂ ਦੀ ਬਹੁਮਤ ਵਾਲੀ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਤੋਂ ਉਨ੍ਹਾਂ ਨੂੰ ਲੋੜੀਂਦੇ ਮੈਂਬਰਾਂ ਦੀ ਹਮਾਇਤ ਨਾ ਮਿਲਣ ’ਤੇ ਹਟਣਾ ਪਿਆ। ਇਸ ਮਾਮਲੇ ਨੂੰ ਉਨ੍ਹਾਂ ਹਾਈਕੋਰਟ ’ਚ ਚੁਣੌਤੀ ਵੀ ਦਿੱਤੀ ਪਰ ਪਿਛਲੇ ਦਿਨੀਂ ਆਇਆ ਫੈਸਲਾ ਉਨ੍ਹਾਂ ਦੇ ਪੱਖ ’ਚ ਨਹੀਂ ਸੀ।