ਹਿੰਦੂ ਆਗੂਆਂ ’ਤੇ ਦਰਜ ਕੇਸ ਰੱਦ ਕਰਨ ਦੀ ਮੰਗ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਨਵੰਬਰ
ਸੋਸ਼ਲ ਮੀਡੀਆ ’ਤੇ ਨਫ਼ਰਤ ਭਰੇ ਭਾਸ਼ਣ ਦੇਣ ਸਬੰਧੀ ਚਾਰ ਹਿੰਦੂ ਆਗੂਆਂ ਖ਼ਿਲਾਫ਼ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸਾਂ ਦੇ ਸਬੰਧ ਵਿੱਚ ਅੱਜ ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ, ਅਮਿਤ ਅਰੋੜਾ ਤੇ ਹੋਰ ਆਗੂ ਜੁਆਇੰਟ ਪੁਲੀਸ ਕਮਿਸ਼ਨਰ ਸ਼ੁਭਮ ਅਗਰਵਾਲ ਨੂੰ ਮਿਲੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਚਾਰੇ ਮੁਲਜ਼ਮ ਵੱਖ-ਵੱਖ ਹਿੰਦੂ ਸੰਗਠਨਾਂ ਨਾਲ ਜੁੜੇ ਹੋਏ ਹਨ। ਹਿੰਦੂ ਸੰਗਠਨਾਂ ਦੇ ਆਗੂਆਂ ਨੇ ਪੁਲੀਸ ਅਧਿਕਾਰੀ ਤੋਂ ਉਕਤ ਆਗੂਆਂ ਖ਼ਿਲਾਫ਼ ਦਰਜ ਹੋਏ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਅਗਰਵਾਲ ਨੇ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਨਫ਼ਰਤ ਭਰੇ ਭਾਸ਼ਣ ਦੇਣ ਵਾਲਾ ਕਿਸੇ ਵੀ ਧਰਮ ਦਾ ਵਿਅਕਤੀ ਹੋਵੇ ਉਸ ’ਤੇ ਪੁਲੀਸ ਕਾਰਵਾਈ ਹੋਵੇਗੀ ਤੇ ਕਿਸੇ ਵੀ ਹਾਲਤ ਵਿੱਚ ਸ਼ਹਿਰ ਦਾ ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਹਿੰਦੂ ਸੰਗਠਨ ਦੀ ਅਗਵਾਈ ਕਰ ਰਹੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਹਿੰਦੂ ਆਗੂ ਭਾਨੂੰ ਪ੍ਰਤਾਪ, ਰੋਹਿਤ ਸਾਹਨੀ, ਪ੍ਰਵੀਨ ਡੰਗ ਅਤੇ ਚੰਦਰਕਾਂਤ ਚੱਢਾ ’ਤੇ ਪੁਲੀਸ ਵੱਲੋਂ ਗ਼ਲਤ ਢੰਗ ਨਾਲ ਕੇਸ ਦਰਜ ਕੀਤੇ ਗਏ ਹਨ, ਜਦਕਿ ਹੋਰਨਾਂ ਫਿਰਕਿਆਂ ਦੇ ਆਗੂਆਂ ਖ਼ਿਲਾਫ਼ ਉਨ੍ਹਾਂ ਵੱਲੋਂ ਕਈ ਵਾਰ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਅਜਿਹੀ ਕੋਈ ਕਾਰਵਾਹੀ ਨਹੀਂ ਕੀਤੀ ਜਾ ਰਹੀ। ਟੰਡਨ ਨੇ ਕਿਹਾ ਕਿ ਸਰਕਾਰ ਕੈਨੇਡਾ ਵਿੱਚ ਬੈਠੇ ਕੁੱਝ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕਾਰਵਾਈਆਂ ਕਰਵਾ ਰਹੀ ਹੈ। ਟੰਡਨ ਨੇ ਕਿਹਾ ਕਿ ਜਿਨ੍ਹਾਂ ਚਾਰ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਨੇ ਆਪਣੀ ਫੇਸਬੁੱਕ ’ਤੇ ਅਜਿਹੀ ਕੋਈ ਪੋਸਟ ਸਾਂਝੀ ਨਹੀਂ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਸ ਰੱਦ ਨਾ ਕੀਤੇ ਗਏ ਤਾਂ ਹਿੰਦੂ ਆਗੂ ਤੇ ਕਾਰਕੁਨ ਸੰੰਘਰਸ਼ ਕਰਨਗੇ।