ਸ਼ਹੀਦ ਉੱਤਮ ਸਿੰਘ ਦੀਪਗੜ੍ਹ ਦੀ ਯਾਦਗਾਰ ਬਣਾਉਣ ਦੀ ਮੰਗ
ਰਾਜਿੰਦਰ ਵਰਮਾ
ਭਦੌੜ, 28 ਨਵੰਬਰ
ਪਿੰਡ ਦੀਪਗੜ੍ਹ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਪ੍ਰਜਾਮੰਡਲ ਲਹਿਰ ਦੇ ਅਣਗੌਲੇ ਸ਼ਹੀਦ ਉੱਤਮ ਸਿੰਘ ਦੀਪਗੜ੍ਹ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ‘ਆਪ’ ਦੇ ਸਰਕਲ ਇੰਚਾਰਜ ਜੋਗਿੰਦਰ ਸਿੰਘ ਮਠਾੜੂ ਅਤੇ ਸਰਪੰਚ ਅੰਗਰੇਜ਼ ਸਿੰਘ ਢਿੱਲੋਂ ਨੇ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਬਾਰੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਇਸ ਅਣਗੌਲੇ ਸ਼ਹੀਦ ਦੀ ਯਾਦਗਾਰ ਬਣਾਉਣ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਪਰ ਮੌਜੂਦਾ ਸਰਕਾਰ ਤੋਂ ਪਿੰਡ ਵਾਸੀਆਂ ਨੂੰ ਵੱਡੀ ਉਮੀਦ ਹੈ ਕਿ ਸ਼ਹੀਦ ਦੀ ਯਾਦ ਵਿੱਚ ਲਾਇਬਰੇਰੀ ਅਤੇ ਗੇਟ ਉਸਾਰਨ ਲਈ ਢੁਕਵੀਂ ਗਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਅਤੇ ਦੇਸ਼ ਭਗਤਾਂ ਦਾ ਸਦਾ ਹੀ ਸਤਿਕਾਰ ਕੀਤਾ ਹੈ। ਇਸ ਲਈ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਮੇਂ ਦੀ ਹਕੂਮਤ ਵਿਰੁੱਧ ਨੰਗੇ ਧੜ ਜੂਝਣ ਵਾਲੇ ਇਸ ਮਹਾਨ ਯੋਧੇ ਦੀ ਯਾਦਗਾਰ ਤਰਜੀਹੀ ਤੌਰ ’ਤੇ ਬਣਾਈ ਜਾਵੇਗੀ। ਉਨ੍ਹਾਂ ਆਖਿਆ ਕਿ ਸ਼ਹੀਦ ਉੱਤਮ ਸਿੰਘ ਨੇ ਪਟਿਆਲਾ ਰਿਆਸਤ ਦੇ ਹਾਕਮ ਨੂੰ ਦਿਨ ਸਮੇਂ ਮਿਸਾਲ ਦਿਖਾਈ ਸੀ ਜਿਸ ਦਾ ਸੰਕੇਤਕ ਭਾਵ ਸੀ ਕਿ ਉਸ ਰਾਜੇ ਦੇ ਰਾਜ ਵਿੱਚ ਹਨੇਰ ਗਰਦੀ ਮੱਚੀ ਹੋਈ ਹੈ। ਹਕੂਮਤ ਨੇ ਇਸ ਵਿਰੋਧ ਕਾਰਨ ਉੱਤਮ ਸਿੰਘ ਨੂੰ ਜੀਪ ਪਿੱਛੇ ਘਸੀਟਦਿਆਂ ਅਤੇ ਸਖ਼ਤ ਤਸੀਹੇ ਦਿੰਦਿਆਂ ਸ਼ਹੀਦ ਕਰ ਦਿੱਤਾ ਸੀ। ਇਸ ਲਈ ਭਵਿੱਖ ਦੀਆਂ ਪੀੜ੍ਹੀਆਂ ਨੂੰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਇਸ ਨੇੜਲੇ ਸਾਥੀ ਦੀ ਇਸ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦੀ ਯਾਦਗਾਰ ਬਣਾਈ ਜਾਵੇ। ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੀਪਗੜ੍ਹ ਦੀ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਸ਼ਹੀਦ ਉੱਤਮ ਸਿੰਘ ਦੀ ਯਾਦ ਬਣਾਈ ਜਾਵੇਗੀ।