ਰੂਸ ਦੀ ਫੌਜ ਵਿੱਚ ਭਰਤੀ ਨੌਜਵਾਨ ਨੂੰ ਭਾਰਤ ਲਿਆਉਣ ਦੀ ਮੰਗ
ਮੁਕੰਦ ਸਿੰਘ ਚੀਮਾ
ਸੰਦੌੜ, 30 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਆਪ ਦੀ ਸਰਕਾਰ-ਆਪ ਦੇ ਦੁਆਰ’ ਤਹਿਤ ਪਿੰਡ ਕਲਿਆਣ ਵਿੱਚ ਜਨ ਸੁਵਿਧਾ ਕੈਂਪ ਲਾਇਆ ਗਿਆ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕੈਂਪ ਵਿਚ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਅਤੇ ਐੱਸਡੀਐੱਮ ਗੁਰਮੀਤ ਕੁਮਾਰ ਬਾਂਸਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪਿੰਡ ਕਲਿਆਣ ਦੇ ਵਸਨੀਕ ਗੁਰਮੇਲ ਸਿੰਘ ਨੇ ਆਪਣੇ ਪੁੱਤਰ ਨੂੰ ਰੂਸ ਫੌਜ ਵਿਚ ਜਬਰੀ ਭਰਤੀ ਕਰਨ ਦਾ ਮਾਮਲਾ ਵਧੀਕ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਪੱਤਰ ਬੁੱਧ ਰਾਮ ਸਿੰਘ ਨੂੰ ਰੂਸ ਵਿੱਚ ਜਬਰੀ ਭਰਤੀ ਕਰ ਲਿਆ ਗਿਆ ਸੀ। ਉਸ ਵੱਲੋਂ ਇੱਕ ਮਹੀਨੇ ਦੀ ਤਨਖ਼ਾਹ ਵੀ ਭੇਜੀ ਗਈ ਸੀ ਪਰ 26 ਦਸੰਬਰ 2023 ਤੋਂ ਲੈਕੇ 26 ਮਾਰਚ 2024 ਤੱਕ ਪਰਿਵਾਰ ਦੀ ਬੁੱਧ ਰਾਮ ਨਾਲ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਉਸ ਦਾ ਥਹੁ ਟਿਕਾਣਾ ਪਤਾ ਲੱਗਾ। ਪਰਿਵਾਰ ਨੇ ਉਨ੍ਹਾਂ ਦੇ ਪੁੱਤਰ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆਉਣਗੇ। ਵਧੀਕ ਡਿਪਟੀ ਕਮਿਸ਼ਨਰ ਰਾਜ ਪਾਲ ਸਿੰਘ ਨੇ ਕਿਹਾ ਲੋਕਾਂ ਦੀ ਖੱਜਲ-ਖੁਆਰੀ ਖਤਮ ਕਰਨ ਦੇ ਉਦੇਸ਼ ਨਾਲ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਵਿਸ਼ੇਸ ਜਨ ਸੁਣਵਾਈ ਕੈਂਪਾਂ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਲਾਹਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੈਕਟਰੀ ਸਲੀਮ ਖਾਂ, ਸੈਕਟਰੀ ਹਰਜਿੰਦਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।