ਖੁਦਕੁਸ਼ੀ ਨੋਟ ਅਨੁਸਾਰ ਨਾਮਜ਼ਦਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ
ਪੱਤਰ ਪ੍ਰੇਰਕ
ਸਮਰਾਲਾ, 15 ਜੂਨ
ਪਿੰਡ ਬਗਲੀ ਕਲਾਂ ਦੇ ਨੌਜਵਾਨ ਵੱਲੋਂ ਵਿਆਹ ਤੋਂ ਤਿੰਨ ਮਹੀਨੇ ਬਾਅਦ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਮਾਪਿਆਂ ਨੇ ਖੁਦਕੁਸ਼ੀ ਨੋਟਿਸ ਦੇ ਆਧਾਰ ’ਤੇ ਨਾਮਜ਼ਦ ਕੀਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਥਾਣਾ ਸਮਰਾਲਾ ਵਿਚ ਇਕੱਤਰ ਹੋਏ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਨੌਜਵਾਨ ਪੁੱਤ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਮੁਲਜ਼ਮਾਂ ਨੂੰ ਸਲਾਖਾਂ ਪਿਛੇ ਸੁੱਟਿਆ ਜਾਵੇ। ਪੁਲੀਸ ਨੂੰ ਦਿੱਤੇ ਬਿਆਨਾ ਵਿਚ ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ 27 ਸਾਲਾ ਪੁੱਤਰ ਹੁਸਨਪ੍ਰੀਤ ਸਿੰਘ ਦਾ ਵਿਆਹ 3 ਅਪਰੈਲ 2024 ਨੂੰ ਰਵਨੀਤ ਕੌਰ ਵਾਸੀ ਕਰੋਦੀਆਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤਨੀ ਰਵਨੀਤ ਕੌਰ ਲੜਕੇ ਨੂੰ ਵਿਦੇਸ਼ ਲਿਜਾਣ ਪ੍ਰਤੀ ਤੰਗ ਪ੍ਰੇਸ਼ਾਨ ਕਰਨ ਲੱਗ ਪਈ। ਲੜਕੇ ਦੇ ਸੁਹਰਿਆਂ ਨੇ ਦਬਾਅ ਪਾ ਕੇ ਆਪਣੀ ਲੜਕੀ ਦਾ ਗਰਭਪਾਤ ਕਰਵਾ ਦਿੱਤਾ। ਉਸ ਦੇ ਪੁੱਤਰ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨੌਜਵਾਨ ਨਾਲ ਸਬੰਧ ਸਨ। ਇਨ੍ਹਾਂ ਗੱਲ੍ਹਾਂ ਤੋਂ ਤੰਗ ਆ ਕੇ ਉਸ ਨੇ 14 ਜੂਨ ਨੂੰ ਖੁਦਕੁਸ਼ੀ ਕਰ ਲਈ। ਪੁਲੀਸ ਵੱਲੋਂ ਰਵਨੀਤ ਕੌਰ, ਸੱਸ ਸੁਖਜੀਵਨ ਕੌਰ, ਸਹੁਰਾ ਸੁਖਦੇਵ ਸਿੰਘ ਅਤੇ ਸਨਮ ਨਾਮੀ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।