ਦਲਿਤ ਮਜ਼ਦੂਰਾਂ ਨੂੰ ਭੇਜੇ ਬਿਜਲੀ ਬਿੱਲ ਖ਼ਤਮ ਕਰਨ ਦੀ ਮੰਗ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਦਸੰਬਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਪਾਵਰਕੌਮ ਵੱਲੋਂ ਦਲਿਤ, ਪੱਛੜੇ ਅਤੇ ਬੀਪੀਐੱਲ ਪਰਿਵਾਰਾਂ ਦੀ ਬਿਜਲੀ ਬਿੱਲ ਮੁਆਫ਼ੀ ਕੱਟ ਕੇ ਭੇਜੇ ਗਏ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਦਬਾਅ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਲਿਤਾਂ ਆਦਿ ਦੀ ਜਨਰਲ ’ਚ ਪਾ ਕੇ ਕੱਟੀ ਬਿਜਲੀ ਬਿੱਲ ਮੁਆਫ਼ੀ ਮੁੜ ਬਹਾਲ ਕਰਨ ਦੀ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਪਰ ਇਸ ਦੇ ਬਾਵਜੂਦ ਮਜ਼ਦੂਰਾਂ ਨੂੰ ਹਜ਼ਾਰਾਂ ਰੁਪਏ ਦੇ ਪਿਛਲੇ ਬਿਜਲੀ ਬਿੱਲ ਬਕਾਏ ਭੇਜ ਕੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦੇ ਸੁਨੇਹੇ ਭੇਜੇ ਜਾ ਰਹੇ ਹਨ। ਪਿੰਡ ਸਿੱਧਵਾਂ ਖੁਰਦ ’ਚ ਭੇਜੇ ਬਿਜਲੀ ਬਿੱਲਾਂ ਨੂੰ ਹੱਥਾਂ ਵਿੱਚ ਫੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਬਲਾਕ ਪ੍ਰਧਾਨ ਕੁਲਵੰਤ ਸਿੰਘ ਸੋਨੀ ਅਤੇ ਇਕਾਈ ਸਕੱਤਰ ਕਿਰਨਜੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਹਕੂਮਤ ਵੱਲੋਂ ਮਜ਼ਦੂਰ ਪਰਿਵਾਰਾਂ ਦੀ ਚੱਲਦੀ ਬਿਜਲੀ ਬਿੱਲ ਮੁਆਫ਼ੀ ਦਸੰਬਰ 2022 ਵਿੱਚ ਕੱਟ ਕੇ ਜਨਰਲ ਕਰ ਦਿੱਤੀ ਗਈ ਸੀ ਜਿਸ ਤਹਿਤ ਦਲਿਤ ਪਰਿਵਾਰਾਂ ਨੂੰ ਮੁਆਫ਼ੀ ਕੱਟ ਕੇ ਵੱਡੀਆਂ ਰਕਮਾਂ ’ਚ ਬਿਜਲੀ ਬਿੱਲ ਆਏ। ਉਨ੍ਹਾਂ ਕਿਹਾ ਕਿ ਪਾਵਰਕੌਮ ਸਬ ਡਿਵੀਜ਼ਨ ਸਿੱਧਵਾਂ ਖੁਰਦ ਵੱਲੋਂ ਦਲਿਤ ਪਰਿਵਾਰਾਂ ਨੂੰ ਅਜੇ ਵੀ ਬਿਜਲੀ ਬਿੱਲ ਜਨਰਲ ’ਚ ਹੀ ਭੇਜੇ ਜਾ ਰਹੇ ਹਨ। ਇਸ ਮੌਕੇ ਇਕੱਤਰਤਾ ਨੇ ਪੁਰਜ਼ੋਰ ਮੰਗ ਕੀਤੀ ਕਿ ਦਲਿਤਾਂ, ਪੱਛੜਿਆਂ ਅਤੇ ਬੀਪੀਐਲ ਪਰਿਵਾਰਾਂ ਨੂੰ ਜਨਰਲ ’ਚ ਪਾ ਕੇ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਬਕਾਇਆਂ ’ਤੇ ਲੀਕ ਮਾਰੀ ਜਾਵੇ ਅਤੇ ਇਨ੍ਹਾਂ ਪਰਿਵਾਰਾਂ ਦੀ ਐਸੀ-ਬੀਸੀ ਦੇ ਆਧਾਰ ’ਤੇ ਮੁੜ ਬਿਜਲੀ ਬਿੱਲ ਮੁਆਫ਼ੀ ਬਹਾਲ ਕੀਤੀ ਜਾਵੇ। ਇਸ ਮੌਕੇ ਤਰਸੇਮ ਸਿੰਘ, ਹੀਰਾ ਸਿੰਘ, ਜੰਟਾ ਸਿੰਘ, ਸੁਰਜੀਤ ਸਿੰਘ, ਕੁਲਦੀਪ ਕੌਰ, ਛਿੰਦਾ ਸਿੰਘ, ਗੋਰਾ ਸਿੰਘ, ਭਜਨ ਸਿੰਘ, ਰਾਣਾ ਸਿੰਘ, ਬਾਹਲ ਸਿੰਘ ਤੇ ਗੋਗਾ ਸਿੰਘ ਹਾਜ਼ਰ ਸਨ।