ਅਧਿਆਪਕਾਂ ਦੀ ਚੋਣ ਡਿਊਟੀਆਂ ਦੂਰ-ਦੁਰਾਡੇ ਨਾ ਲਾਉਣ ਦੀ ਮੰਗ
ਖੇਤਰ ਪ੍ਰਤੀਨਿਧ
ਲੁਧਿਆਣਾ, 11 ਅਪਰੈਲ
ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ਦਾ ਇੱਕ ਵਫਦ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਦੀ ਅਗਵਾਈ ਹੇਠ ਅੱਜ ਏਡੀਸੀ ਲੁਧਿਆਣਾ ਮੇਜਰ ਅਮਿਤ ਸਰੀਨ ਨੂੰ ਮਿਲਿਆ। ਜਥੇਬੰਦੀ ਵੱਲੋਂ ਡੀਸੀ ਦਫਤਰ ਰਾਹੀਂ ਮਿਤੀ 27/03/2024 ਨੂੰ ਕੱਢੀ ਚਿੱਠੀ ’ਤੇ ਇਤਰਾਜ਼ ਪ੍ਰਗਟ ਕਰਦਿਆਂ, ਇਸ ਰਾਹੀਂ ਹੋ ਰਹੀ ਅਧਿਆਪਕਾਂ ਦੀ ਬੇਲੋੜੀ ਖੱਜਲ ਖੁਆਰੀ ਦੀ ਚਰਚਾ ਕੀਤੀ ਗਈ। ਵਫਦ ਨੇ ਦੱਸਿਆ ਕਿ ਏਡੀਸੀ ਵੱਲੋਂ ਸਹਿਮਤੀ ਪ੍ਰਗਟ ਕਰਦਿਆਂ ਨਵੇਂ ਦਿਸ਼ਾ ਨਿਰਦੇਸ਼ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਗਏ। ਇਸ ਤੋਂ ਇਲਾਵਾ ਵਫ਼ਦ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਦੇ ਵਿਧਾਨ ਸਭਾ ਖੇਤਰਾਂ ਵਿੱਚ ਨਾ ਲਗਾਉਣ ਦੀ ਮੰਗ ’ਤੇ ਏਡੀਸੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਘੱਟੋ-ਘੱਟ ਔਰਤ ਅਧਿਆਪਕਾਂ ਦੀ ਡਿਊਟੀ 10 ਤੋਂ 20 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਰੱਖੀ ਜਾਵੇਗੀ, ਜਿਨ੍ਹਾਂ ਔਰਤਾਂ ਦੇ ਬੱਚੇ ਬਹੁਤ ਛੋਟੇ ਹਨ, ਉਨ੍ਹਾਂ ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ।
ਡੀਈਓ ਨਾਲ ਵੀ ਮੁਲਾਕਾਤ
ਜਥੇਬੰਦੀ ਦਾ ਵਫਦ ਡੀਈਓ (ਐਲੀਮੈਂਟਰੀ) ਲਲਿਤਾ ਅਰੋੜਾ ਨੂੰ ਮਿਲਿਆ। ਵਫਦ ਨੇ ਦਫਤਰ ਵਿੱਚ ਚਿਰਾਂ ਤੋਂ ਲਟਕਦੇ ਮਾਮਲਿਆਂ ਬਾਰੇ ਚਿੰਤਾ ਪ੍ਰਗਟਾਉਂਦਿਆਂ ਬੇਨਾਮੀ ਸ਼ਿਕਾਇਤਾਂ ਉੱਤੇ ਬੇਲੋੜੀਆਂ ਪੜਤਾਲਾਂ ਦੇ ਅਮਲ ’ਤੇ ਰੋਕ ਲਗਾਉਣ ਦੀ ਮੰਗ ਕੀਤੀ। ਵਫ਼ਦ ਆਗੂਆਂ ਨੇ ਕਿਹਾ ਕਿ ਮਿਸ਼ਨ ਸਮਰੱਥ ਦਾ ਸਰਕਾਰੀ ਸਕੂਲਾਂ ’ਚ ਆਏ ਪ੍ਰਾਈਵੇਟ ਸਕੂਲਾਂ ’ਤੇ ਨਾਕਾਰਤਮਕ ਪ੍ਰਭਾਵ ਪਾ ਰਿਹਾ ਹੈ। ਮਾਪੇ ਇਸ ਬੇਨਿਯਮੇਂ ਪਾਠਕ੍ਰਮ ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਬੱਚਿਆਂ ਨੂੰ ਸਕੂਲਾਂ ਵਿੱਚੋਂ ਹਟਾ ਰਹੇ ਹਨ। ਵਫਦ ਨੇ ਡੀਈਓ ਸੈਕੰਡਰੀ ਨੂੰ ਕਿਹਾ ਕਿ ਇਸ ਤੱਥ ਬਾਰੇ ਪੰਜਾਬ ਸਰਕਾਰ ਨੂੰ ਸੂਚਿਤ ਕਰਾਉਂਦਿਆਂ ਮਿਸ਼ਨ ਸਮਰੱਥ ਤੇ ਰੋਕ ਲਗਾਉਣ ਦੀ ਜਥੇਬੰਦੀ ਦੀ ਮੰਗ ਤੋਂ ਜਾਣੂ ਕਰਵਾਇਆ ਜਾਵੇ।