For the best experience, open
https://m.punjabitribuneonline.com
on your mobile browser.
Advertisement

ਪੇਂਡੂ ਮਜ਼ਦੂਰਾਂ ਦੇ ਕਰਜ਼ਿਆਂ ’ਤੇ ਲੀਕ ਮਾਰਨ ਦੀ ਕੀਤੀ ਮੰਗ

06:43 AM Jul 14, 2023 IST
ਪੇਂਡੂ ਮਜ਼ਦੂਰਾਂ ਦੇ ਕਰਜ਼ਿਆਂ ’ਤੇ ਲੀਕ ਮਾਰਨ ਦੀ ਕੀਤੀ ਮੰਗ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਜੁਲਾਈ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਜੀ ਐੱਸ ਅਟਵਾਲ, ਤਹਿਸੀਲ ਪ੍ਰਧਾਨ ਅਮਰਜੀਤ ਸਿੰਘ ਨਾਹਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਮਜ਼ਦੂਰਾਂ ਦਾ ਕਰਜ਼ਾ ਸੌ ਫੀਸਦੀ ਮੁਆਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੀਆਂ ਫ਼ਸਲਾਂ ਹੀ ਡੁੱਬ ਗਈਆਂ ਹਨ ਤਾਂ ਮਜ਼ਦੂਰਾਂ ਨੂੰ ਖੇਤਾਂ ਵਿੱਚ ਕਿਵੇਂ ਕੰਮ ਮਿਲੇਗਾ। ਜਥੇਬੰਦੀ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਇਨ੍ਹਾਂ ਆਗੂਆਂ ਨੇ ਪਹਿਲਾਂ ਇੱਕ ਟੀਮ ਦੇ ਰੂਪ ਵਿੱਚ ਲੋਹੀਆਂ ਖਾਸ ਇਲਾਕੇ ਦੇ ਹੜ੍ਹ ਪ੍ਰਭਾਵਿਤ ਇੱਕ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰ ਕੇ ਪੀੜਤ ਲੋਕਾਂ ਦਾ ਹਾਲ ਜਾਣਿਆ ਗਿਆ ਅਤੇ ਧੁੱਸੀ ਬੰਨ੍ਹ ਵਿੱਚ ਪਿੰਡ ਮੰਢਾਲਾ ਛੰਨਾ ਅਤੇ ਗੱਟਾ ਮੁੰਡੀ ਕਾਸੂ ਵਿੱਚ ਪਿਆ ਪਾੜ ਦੇਖਿਆ।ਸੂਬਾ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਥ ਵਿੰਗ ਦੇ ਆਗੂ ਜੀ ਐੱਸ ਅਟਵਾਲ ਨੇ ਦੱਸਿਆ ਕਿ ਸੰਨ 1988 ਦੇ ਆਏ ਹੜ੍ਹਾਂ ਤੋਂ ਬਾਅਦ ਪਾਣੀ ਨਾਲ ਹੋਣ ਵਾਲੀ ਕੁਦਰਤੀ ਕਰੋਪੀ ਦਾ ਸ਼ਿਕਾਰ ਮੰਡ ਦੇ ਇਨ੍ਹਾਂ ਪਿੰਡਾਂ ਨੂੰ ਹਰ ਵਾਰ ਹੋਣਾ ਪਿਆ। ਕੁਦਰਤੀ ਕਰੋਪੀ ਸਰਕਾਰਾਂ ਦੀ ਅਣਗਹਿਲੀ ਅਤੇ ਪ੍ਰਸ਼ਾਸਨਿਕ ਦੀ ਗੈਰ ਜ਼ਿੰਮੇਵਾਰੀ ਦਾ ਸਿੱਟਾ ਹੈ। ਇਸ ਦਾ ਖਮਿਆਜ਼ਾ ਜਲੰਧਰ ਦੇ ਪਿੰਡਾਂ ਦੇ ਨਾਲ ਨਾਲ ਹਰ ਵਾਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਨੂੰ ਵੀ ਭੁਗਤਣਾ ਪੈਂਦਾ ਹੈ। ਧੁੱਸੀ ਬੰਨ੍ਹ ਦਾ ਪਾੜ ਪੂਰਨ ਲਈ ਸਰਕਾਰ ਪਾਸ ਇੱਕ ਵੀ ਜਾਲ ਨਹੀਂ ਦਿਖਿਆ। ਮੌਕੇ ਉੱਪਰ ਮਜ਼ਦੂਰ ਜਾਂ ਪੀੜਤ ਲੋਕ ਜਾਲ ਬਣਾਉਂਦੇ ਨਜ਼ਰ ਆਏ। ਇਸੇ ਤਰ੍ਹਾਂ ਇੱਕ ਇੱਕ ਬੋਰਾ ਮਿੱਟੀ ਦਾ ਪਾ ਕੇ ਧਾਰਮਿਕ ਅਤੇ ਸਮਾਜਿਕ ਆਗੂ ਟੁੱਟੇ ਬੰਨ੍ਹ ਦੇ ਪਾੜ ਨੂੰ ਪੂਰਦੇ ਜ਼ਰੂਰ ਦੇਖੇ ਗਏ ਪਰ ਕਿਧਰੇ ਸਰਕਾਰੀ ਤੰਤਰ ਨਜ਼ਰ ਨਹੀਂ ਆਇਆ। ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ, ਲੋਕਾਂ ਦੀ ਸਰਕਾਰ ਤੁਰੰਤ ਸਾਰ ਲਈ ਜਾਵੇ ਤੇ ਜ਼ਿਲ੍ਹੇ ਅੰਦਰ ਬੇਰੁਜ਼ਗਾਰ ਹੋਏ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤ ਦੇ ਕੇ ਇਨ੍ਹਾਂ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਅਤੇ ਯੂਨੀਅਨ ਆਗੂ ਸ਼ਿੰਦਰ ਪਾਲ ਹਾਜ਼ਰ ਸਨ।

Advertisement

Advertisement
Tags :
Author Image

joginder kumar

View all posts

Advertisement
Advertisement
×