ਡੀਏਪੀ ਖਾਦ ਦੀ ਘਾਟ ਬਾਰੇ ਐੱਸਡੀਐੱਮ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਪਾਇਲ, 9 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਏਪੀ ਖਾਦ ਦੀ ਘਾਟ ਅਤੇ ਝੋਨੇ ਦੀ ਖ਼ਰੀਦ ਵਿੱਚ ਪੈ ਰਹੇ ਅੜਿੱਕਿਆਂ ਨੂੰ ਦੂਰ ਕਰਵਾਉਣ ਲਈ ਐੱਸਡੀਐੱਮ ਪਾਇਲ ਦਫ਼ਤਰ ਅੱਗੇ ਬਲਾਕ ਮਲੌਦ ਵੱਲੋਂ ਧਰਨਾ ਦਿੱਤਾ ਗਿਆ ਅਤੇ ਐੱਸਡੀਐੱਮ ਪਰਦੀਪ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਿਆ ਗਿਆ। ਧਰਨਾਕਾਰੀਆਂ ਨੇ ਖਾਦਾਂ ਦੀ ਕਮੀ ਪੂਰੀ ਕਰਨ ਅਤੇ ਮੰਡੀਆਂ ਵਿੱਚ ਹਰ ਕਿਸਮ ਦੇ ਝੋਨੇ ਦੀ ਖ਼ਰੀਦ ਤੁਰੰਤ ਕਰਵਾਉਣ ਦੀ ਮੰਗ ਕੀਤੀ ਗਈ। ਕਿਸਾਨ ਮੰਗ ਕਰ ਰਹੇ ਸਨ ਕਿ ਪ੍ਰਾਈਵੇਟ ਡੀਲਰਾਂ ਅਤੇ ਸੁਸਾਇਟੀਆਂ ਵੱਲੋਂ ਡੀਏਪੀ ਖਾਦ ਨਾਲ ਬੇਲੋੜਾ ਸਾਮਾਨ ਮੜਨਾ ਬੰਦ ਕੀਤਾ ਜਾਵੇ। ਆਗੂਆਂ ਨੇ ਆਪਣੀ ਏਕਤਾ ਮਜ਼ਬੂਤ ਕਰ ਕੇ ਸੰਘਰਸ਼ ਦਾ ਝੰਡਾ ਬੁਲੰਦ ਕਰ ਕੇ ਹੀ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾ ਸਕਦਾ ਹੈ। ਧਰਨੇ ਨੂੰ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਨਾਜ਼ਰ ਸਿੰਘ ਸਿਆੜ, ਸੁਦਾਗਰ ਸਿੰਘ ਘੁਡਾਣੀ, ਜਸਵੀਰ ਸਿੰਘ ਅਸਗਰੀਪੁਰ, ਕਿਰਨਜੀਤ ਸਿੰਘ ਪੰਧੇਰ ਖੇੜੀ, ਬਲਵਿੰਦਰ ਸਿੰਘ ਨਿਜਾਮਪੁਰ, ਜਗਦੇਵ ਸਿੰਘ ਸਿਹੌੜਾ, ਰਾਜਪਾਲ ਸਿੰਘ ਦੁਧਾਲ ਹਰਜੀਤ ਸਿੰਘ ਘਲੋਟੀ ਤੇ ਹਰਜਿੰਦਰ ਸਿੰਘ ਬੇਰ ਕਲਾਂ ਨੇ ਵੀ ਸੰਬੋਧਨ ਕੀਤਾ।