ਪਾਲਦੀ ਹਸਪਤਾਲ ’ਚ ਸੁਧਾਰ ਲਿਆਉਣ ਲਈ ਸਿਹਤ ਮੰਤਰੀ ਨੂੰ ਮੰਗ ਪੱਤਰ
ਜੇ ਬੀ ਸੇਖੋਂ
ਗੜ੍ਹਸ਼ੰਕਰ, 4 ਜੁਲਾਈ
ਆਮ ਆਦਮੀ ਪਾਰਟੀ ਦੇ ਮਾਹਿਲਪੁਰ ਤੋਂ ਸੀਨੀਅਰ ਆਗੂ ਅਤੇ ਕੰਜਿਊਮਰ ਪ੍ਰੋਟੈਕਸ਼ਨ ਮੰਚ ਦੇ ਅਹੁਦੇਦਾਰ ਬਲਵੀਰ ਸਿੰਘ ਬਿੱਲਾ ਖੜੌਦੀ ਦੀ ਅਗਵਾਈ ਹੇਠ ਇਲਾਕੇ ਦੇ ਪਤਵੰਤਿਆਂ ਦਾ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ ਅਤੇ ਸਿਵਲ ਹਸਪਤਾਲ ਪਾਲਦੀ ਦੇ ਸੁਧਾਰ ਸਬੰਧੀ ਮੰਗ ਪੱਤਰ ਦਿੱਤਾ। ਮੰਗ ਪੱਤਰ ਵਿੱਚ ਇਲਾਕੇ ਦੀਆਂ ਪੰਝੀ ਤੋਂ ਵੱਧ ਪੰਚਾਇਤਾਂ ਦੇ ਅਹੁਦੇਦਾਰਾਂ ਦੇ ਦਸਤਖਤ ਸਨ। ਵਫ਼ਦ ਅਨੁਸਾਰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਵੱਡੀ ਘਾਟ ਕਾਰਨ ਪਾਲਦੀ (ਮਾਹਿਲਪੁਰ) ਇਲਾਕੇ ਦੇ 150 ਪਿੰਡਾਂ ਦੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਸਿਹਤ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਹੈ। ਇਸ ਮੌਕੇ ਸ੍ਰੀ ਬਿੱਲਾ ਨੇ ਕਿਹਾ ਕਿ ਸਿਵਲ ਹਸਪਤਾਲ ਪਾਲਦੀ ਮਾਹਿਲਪੁਰ ਇਲਾਕੇ ਦਾ ਪੁਰਾਣਾ ਹਸਪਤਾਲ ਹੈ ਜਿਸ ਅਧੀਨ 150 ਪਿੰਡਾਂ ਦੇ ਮਰੀਜ਼ ਇਲਾਜ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਅਧੀਨ 29 ਸਿਹਤ ਡਿਸਪੈਂਸਰੀਆਂ, 5 ਪ੍ਰਾਇਮਰੀ ਸਿਹਤ ਕੇਂਦਰ, 5 ਮੁਹੱਲਾ ਕਲੀਨਿਕ ਆਉਂਦੇ ਹਨ ਪਰ ਹਸਪਤਾਲ ਵਿੱਚ ਮੈਡੀਕਲ ਅਫ਼ਸਰਾਂ, ਨਰਸਾਂ, ਏਐਨੈਐਮ, ਹੈਲਥ ਸੁਪਰਵਾਈਜ਼ਰ, ਰੇਡੀਓਗ੍ਰਾਫਰ ਤੇ ਫਾਰਮੇਸੀ ਅਫਸਰ ਆਦਿ ਸਮੇਤ ਦਰਜਾ ਚਾਰ ਕਰਮਚਾਰੀਆਂ ਦੀਆਂ ਪੋਸਟਾਂ ਖਾਲੀ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਮਾਹਿਲਪੁਰ ਵੀ ਪਾਲਦੀ ਹਸਪਤਾਲ ਦੇ ਅਧੀਨ ਆਉਂਦਾ ਸਿਹਤ ਕੇਂਦਰ ਹੈ ਪਰ ਇੱਥੇ ਵੀ ਪੋਸਟਾਂ ਦੀ ਵੱਡੀ ਘਾਟ ਹੈ ਜਿਸ ਕਰਕੇ 200 ਤੋਂ ਵੱਧ ਪਿੰਡਾਂ ਦੇ ਮਰੀਜ਼ ਪ੍ਰੇਸ਼ਾਨ ਹਨ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਦੋ ਮਹੀਨਿਆਂ ਦੇ ਅੰਦਰ ਹੀ ਹਸਪਤਾਲ ਵਿੱਚ ਖਾਲੀ ਪੋਸਟਾਂ ਭਰੀਆਂ ਜਾਣਗੀਆਂ ਅਤੇ ਇਸ ਹਸਪਤਾਲ ਦਾ ਸੁਧਾਰ ਕੀਤਾ ਜਾਵੇਗਾ। ਇਸ ਮੌਕੇ ਵਫ਼ਦ ਵਿੱਚ ਬਲਦੇਵ ਸਿੰਘ, ਕਾਲਾ ਸਿੰਘ ਅਤੇ ਗੁਰਿੰਦਰ ਸਿੰਘ ਵੀ ਹਾਜ਼ਰ ਸਨ।