ਨਹਿਰੀ ਪਾਣੀ ਲਈ ਅਧਿਕਾਰੀਆਂ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 12 ਜੂਨ
ਨਹਿਰੀ ਪਾਣੀ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਇੱਥੇ ਨਹਿਰੀ ਵਿਭਾਗ ਦੇ ਦਫਤਰ ਗੜ੍ਹਸ਼ੰਕਰ ਵਿਖੇ ਪਹੁੰਚ ਕੇ ਕਿਰਤੀ ਕਿਸਾਨ ਯੂਨੀਅਨ ਦੇ ਵਫਦ ਵੱਲੋਂ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਰਾਹੀਂ ਮੰਗ ਕੀਤੀ ਗਈ ਕਿ ਪਾਣੀ ਜਲਦੀ ਤੋਂ ਜਲਦੀ ਛੱਡਿਆ ਜਾਵੇ ਤਾਂ ਜੋ ਫਸਲਾਂ ਨੂੰ ਸੋਕੇ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਢੇਸੀ ਅਤੇ ਕੁਲਵਿੰਦਰ ਚਾਹਲ ਨੇ ਕਿਹਾ ਕਿ ਸਰਕਾਰ ਵੱਲੋਂ ਅਪਰੈਲ ਮਹੀਨੇ ਪਾਣੀ ਛੱਡਣ ਲਈ ਕਿਹਾ ਸੀ ਫਿਰ ਮਈ ਮਹੀਨੇ ਪਾਣੀ ਛੱਡਣਾ ਸੀ ਪਰ ਜੂਨ ਮਹੀਨਾ ਵੀ ਅੱਧਾ ਗੁਜ਼ਰ ਚੱਲਿਆ ਹੈ ਅਜੇ ਤੱਕ ਪਾਣੀ ਨਹੀਂ ਛੱਡਿਆ ਗਿਆ। ਕਹਿਰ ਦੀ ਧੁੱਪ ‘ਚ ਫਸਲਾਂ ਸੁੱਕ ਰਹੀਆਂ ਹਨ ਅੱਗੇ ਬਿਜਾਈ ਕਰਨੀ ਹੈ ਇਸ ਲਈ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਨਹਿਰ ‘ਚ ਪਾਣੀ ਛੱਡਿਆ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ 15 ਜੂਨ ਤੱਕ ਨਹਿਰ ‘ਚ ਪਾਣੀ ਨਾ ਛੱਡਿਆ ਗਿਆ ਤਾਂ ਕਿਸਾਨ ਯੂਨੀਅਨ ਵੱਲੋਂ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।