ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਲਈ ਏਡੀਸੀ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਜੁਲਾਈ
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨਣ ’ਤੇ ਰੋਸ ਪ੍ਰਗਟਾਇਆ। ਇਸ ਮੌਕੇ ਯੂਨੀਅਨ ਆਗੂਆਂ ਲੀਲੇ ਖਾਂ, ਹਰਜਿੰਦਰ ਕੌਰ, ਮਾਇਆ ਕੌਰ, ਹਰਪ੍ਰੀਤ ਕੌਰ, ਭੁਪਿੰਦਰ ਕੌਰ, ਪ੍ਰੀਤਮ ਕੌਰ, ਗੁਰਮੀਤ ਕੌਰ, ਸੁਖਦੇਵ ਸ਼ਰਮਾ ਤੇ ਮੇਲਾ ਸਿੰਘ ਨੇ ਕਿਹਾ ਕਿ ਨਰੇਗਾ ਕਾਮਿਆਂ ਦੀ ਲਗਾਤਾਰ ਅਣਦੇਖੀ ਹੋ ਰਹੀ ਹੈ ਅਤੇ ਕਾਨੂੰਨ ਮੁਤਾਬਕ ਕੰਮ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਕੰਮ ਮੰਗਣ ਵਾਲੇ ਕਿਰਤੀਆਂ ਦੀ ਅਰਜ਼ੀ ਅਥਾਰਟੀ ਪ੍ਰਵਾਨ ਕਰੇ ਤੇ ਰਸੀਦ ਦੇਵੇ ਤਾਂ ਜੋ ਕਿਰਤੀ ਨੂੰ ਕੰਮ ਜਾਂ ਬੇਰੁਜ਼ਗਾਰੀ ਭੱਤੇ ਦਾ ਹੱਕ ਮਿਲ ਸਕੇ। ਇਸ ਤੋਂ ਇਲਾਵਾ ਕਿਰਤੀ ਦੀ ਹਾਜ਼ਰੀ ਕੰਮ ਸਥਾਨ ਉੱਪਰ ਲੱਗਣੀ ਚਾਹੀਦੀ ਹੈ, ਹਿੱਸੇ ਦਾ ਕੰਮ ਜਾਂ ਘੰਟਿਆਂ ਵਿੱਚੋਂ ਇੱਕ ਜ਼ਰੂਰੀ ਕੀਤਾ ਜਾਵੇ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਇਨ੍ਹਾਂ ਮੰਗਾਂ ’ਤੇ ਡਿਪਟੀ ਕਮਿਸ਼ਨਰ ਸੰਗਰੂਰ 15 ਦਿਨਾਂ ਦੇ ਅੰਦਰ ਮੀਟਿੰਗ ਦੇ ਕੇ ਮੰਗਾਂ ਦਾ ਨਿਪਟਾਰਾ ਕਰੇ। ਇਸ ਤੋਂ ਇਲਾਵਾ ਲੇਬਰ ਕਮਿਸ਼ਨਰ ਪੰਜਾਬ ਨੂੰ ਦੇਣ ਲਈ ਮੰਗ ਪੱਤਰ ਦੀ ਇੱਕ ਕਾਪੀ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਨੂੰ ਦਿੱਤੀ ਗਈ।