ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਵੱਲੋਂ ਈਓ ਨੂੰ ਮੰਗ ਪੱਤਰ
ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਨਵੰਬਰ
ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੇ ਅੱਜ ਆਪਣੀਆਂ ਹੱਕੀਂ ਮੰਗਾਂ ਸਬੰਧੀ ਗਰੀਬਦਾਸ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਮਿਉਂਸਪਲ ਵਰਕਰ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਨੇ ਕਿਹਾ ਕਿ ਨਗਰ ਕੌਂਸਲ ਦੇ ਕੰਟਰੈਕਟ ਬੇਸ ਸਫ਼ਾਈ ਸੇਵਕ ਤੇ ਸੀਵਰਮੈਨ ਸ਼ਹਿਰ ਨੂੰ ਵਧੀਆ ਅਤੇ ਸਾਫ਼ ਸੁਥਰਾ ਰੱਖਣ ਲਈ ਪਿਛਲੇ 25 ਸਾਲਾਂ ਤੋਂ ਆਪਣੀ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਸੀਵਰਮੈਨ ਕਰਮਚਾਰੀ ਐਸੋਸ਼ੀਏਸ਼ਨ ਦੇ ਪ੍ਰਧਾਨ ਰੁਲਦੂ ਰਾਮ ਅਤੇ ਬਲਰਾਮ ਬਾਲੂ ਨੇ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਇਸ ਮਹਿੰਗਾਈ ਦੇ ਸਮੇਂ ਵਿਚ ਇਹ ਮੁਲਾਜ਼ਮ ਤਕਰੀਬਨ 10 ਹਜ਼ਾਰ ਦੇ ਕਰੀਬ ਤਨਖਾਹ ਲੈ ਰਹੇ ਹਨ ਜਿਸ ਵਿਚ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਿਗੂਣੀ ਤਨਖਾਹ ਵਿਚ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਯੂਨੀਅਨ ਨੂੰ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਇਹ ਮੁਲਾਜ਼ਮ ਪੱਕੇ ਹੋ ਜਾਣਗੇ। ਇਸ ਤੋਂ ਪਹਿਲਾਂ ਯੂਨੀਅਨ ਵੱਲੋਂ ਇਕ ਮੰਗ ਪੱਤਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਵੀ ਦਿੱਤਾ ਗਿਆ। ਇਸ ਮੌਕੇ ਹਰਪਾਲ ਸਿੰਘ, ਮੇਨ ਪਾਲ, ਦਰਸ਼ਨ ਲਾਲ, ਬਾਲੂ ਓਮਪ੍ਰਕਾਸ਼, ਡੋਲੀ ਬਾਲੂ, ਰੋਤਾਸ਼ ਸਿੰਘ, ਵਿਕਰਮ ਸਿੰਘ, ਅਜੈ ਕੁਮਾਰ, ਰਜਨੀ ਰਾਣੀ, ਸ਼ੈਲੀ ਬਾਬੂ, ਸ਼ਾਮ ਲਾਲ, ਸੋਨੂੰ ਬਾਲੂ, ਵਿਕਾਸ ਕੁਮਾਰ, ਧਰਵਿੰਦਰ ਸਿੰਘ, ਦੀਪਕ ਅਟਵਾਲ, ਪਵਨ ਕੁਮਾਰ ਤੇ ਜਤਿੰਦਰ ਬਾਲੂ ਹਾਜ਼ਰ ਸਨ।