ਮਨਰੇਗਾ ਵਰਕਰਾਂ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਸਮਾਣਾ, 21 ਜੁਲਾਈ
ਬਲਾਕ ਕਮੇਟੀ ਡੈਮੋਕ੍ਰੈਟਿਕ ਮਨਰੇਗਾ ਫ਼ਰੰਟ ਵੱਲੋਂ ਅੱਜ ਐੱਸਡੀਐੱਮ ਚਰਨਜੀਤ ਸਿੰਘ ਰਾਹੀਂ ਸੂਬੇ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਮਨਰੇਗਾ ਐਕਟ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ। ਫ਼ਰੰਟ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ, ਬਲਾਕ ਦੀ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਚੰਨ ਕਮਾਸਪੁਰ, ਮਨਜੀਤ ਕੌਰ ਖੁਦਾਦਪੁਰ ਨੇ ਕਿਹਾ ਕਿ ਮਨਰੇਗਾ ਫੰਡ ਜੋ ਕਿ ਕੇਂਦਰ ਸਰਕਾਰ ਦਿੰਦੀ ਹੈ, ਉਸ ਵਿੱਚੋਂ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਕਈ ਤਰੀਕੇ ਦੇ ਲਾਭ ਦਿੱਤੇ ਜਾ ਸਕਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਐਕਟ ਮੁਤਾਬਕ ਕੁਦਰਤੀ ਮਾਰ ਹੇਠ ਆਏ ਖੇਤਰਾਂ ਵਿੱਚ 100 ਦੀ ਬਜਾਏ 150 ਦਨਿ ਦਾ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਬਲਾਕ ਆਗੂ ਭਜਨ ਕੌਰ ਕਕਰਾਲਾ, ਰਾਜਵਿੰਦਰ ਸਿੰਘ ਬੁਜਰਕ,ਜਸਪਾਲ ਸਿੰਘ ਨੇ ਦੱਸਿਆ ਕਿ ਮਨਰੇਗਾ ਐਕਟ ਵਿੱਚ ਹੜ੍ਹ ਪ੍ਰਬੰਧਨ ਦੇ ਪ੍ਰਾਜੈਕਟਾਂ ਬਾਰੇ ਵਿਸਤਾਰ ਵਿੱਚ ਵੇਰਵਾ ਹੈ। ਸਰਕਾਰ ਗ੍ਰਾਮ ਸਭਾਵਾਂ ਨੂੰ ਪ੍ਰਾਜੈਕਟਾਂ ਬਾਰੇ ਜਾਗਰੂਕ ਕਰਕੇ ਯੋਗ ਪ੍ਰਾਜੈਕਟ ਬਣਾਵੇ ਜਿਸ ਨਾਲ ਭਵਿੱਖ ਵਿੱਚ ਹੜ੍ਹ ਨਾਲ ਘੱਟ ਨੁਕਸਾਨ ਹੋਵੇ।
ਇਸ ਤੋਂ ਇਲਾਵਾ ਫ਼ਰੰਟ ਨੇ ਮੰਗ ਕੀਤੀ ਕਿ ਪੰਜ ਏਕੜ ਤੱਕ ਦੇ ਕਿਸਾਨਾਂ ਲਈ ਇਸ ਵਿੱਚ ਕਈ ਪ੍ਰਾਜੈਕਟ ਹਨ। ਇਸ ਦੇ ਨਾਲ ਹੀ ਮਨਰੇਗਾ ਅਮਲੇ ਦੀ ਵੱਡੇ ਪੱਧਰ ’ਤੇ ਭਰਤੀ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ ਤੇ ਇਸ ਤਰੀਕੇ ਮਨਰੇਗਾ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ।