ਲੇਬਰ ਪਾਰਟੀ ਵਲੋਂ ਏਡੀਸੀ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 17 ਜੁਲਾਈ
ਲੇਬਰ ਪਾਰਟੀ ਦਾ ਵਫਦ ਪ੍ਰਧਾਨ ਜੈ ਗੋਪਾਲ ਧੀਮਾਨ, ਜਨਰਲ ਸਕੱਤਰ ਦਵਿੰਦਰ ਸਿੰਘ ਥਿੰਦ, ਜਗਤਾਰ ਸਿੰਘ ਅਤੇ ਤਰਲੋਚਨ ਸਿੰਘ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਵਫ਼ਦ ਨੇ ਮੰਗ ਕੀਤੀ ਕਿ ਪਿੰਡ ਲੁਹਾਰ ਕੰਗਣਾ ਵਿਚ ਅੰਮ੍ਰਿਤ ਸਰੋਵਰ ਦੇ ਚੱਲ ਰਹੇ ਕੰਮ ਵਿਚ ਸਰਕਾਰੀ ਨਿਯਮਾਂ ਦੀ ਹੋਈ ਉਲੰਘਣਾ ਦੀ ਜਾਂਚ ਕੀਤੀ ਜਾਵੇ ਅਤੇ ਇਸ ਉਲੰਘਣਾ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਧੀਮਾਨ ਨੇ ਕਿਹਾ ਕਿ ਅੰਮ੍ਰਿਤ ਸਰੋਵਰ ਦਾ ਕੰਮ ਜੇਸੀਬੀ ਨਾਲ ਕਰਵਾਉਣ ਦੇ ਬਾਵਜੂਦ ਵੀ ਅਧੂਰਾ ਪਿਆ ਹੋਇਆ ਹੈ। ਧੀਮਾਨ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਮੁੱਖ ਮੰਤਰੀ, ਸੰਯੁਕਤ ਵਿਕਾਸ ਕਮਿਸ਼ਨਰ (ਮਨਰੇਗਾ) ਪੰਜਾਬ ਅਤੇ ਡਾਇਰੈਕਟਰ ਪੰਚਾਇਤੀ ਰਾਜ ਪੰਜਾਬ ਦੇ ਧਿਆਨ ਹੇਠ ਵੀ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਮਨਰੇਗਾ ਦੇ ਕੰਮਾਂ ਦਾ ਨਿਰੀਖਣ ਕਰਨ ਲਈ ਮਨਰੇਗਾ ਵਿਚ ਇਕ ਨਿਰੀਖਣ ਸੈੱਲ ਕਾਇਮ ਕੀਤਾ ਜਾਵੇ ਜੋ ਹਰੇਕ ਕੰਮ ਵਿਚ ਸਮੇਂ-ਸਮੇਂ ’ਤੇ ਚੈਕਿੰਗ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਰੇ ਅੰਮ੍ਰਿਤ ਸਰੋਵਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ।