ਕਿਸਾਨਾਂ ਵੱਲੋਂ ਕੁਮਾਰੀ ਸ਼ੈਲਜਾ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 8 ਜੁਲਾਈ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਬੈਨਰ ਹੇਠ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਗੈਰ ਭਾਜਪਾ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਣ ਦੀ ਲੜੀ ਤਹਿਤ ਕਿਸਾਨ ਆਗੂਆਂ ਨੇ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੂੰ ਈ-ਮੇਲ ਰਾਹੀਂ ਮੰਗ ਪੱਤਰ ਭੇਜਿਆ। ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗਾਂ ਪੂਰਤੀ ਲਈ ਸੰਸਦ ’ਚ ਪ੍ਰਾਈਵੇਟ ਬਿੱਲ ਲਿਆਉਣ ਲਈ ਮੰਗ ਪੱਤਰ ਦਿੱਤੇ ਗਏ ਹਨ ਜਿਸ ਵਿੱਚ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਸਬੰਧੀ ਗਾਰੰਟੀ ਕਾਬੂ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਗਈ। ਔਲਖ ਨੇ ਕਿਹਾ ਕਿ ਵਿਰੋਧੀ ਧਿਰ ਵਿੱਚ ਬੈਠੇ ਭਾਰਤੀ ਗੱਠਜੋੜ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਸਾਨੀ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ। ਹੁਣ ਸੰਸਦ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਸੰਸਦ ’ਚ ਪ੍ਰਾਈਵੇਟ ਬਿੱਲ ਲਿਆਉਣ ਤਾਂ ਜੋ ਦੇਸ਼ ਦੇ ਲੋਕਾਂ ਨੂੰ ਪਤਾ ਲੱਗੇ ਕਿ ਕੌਣ ਉਨ੍ਹਾਂ ਦੇ ਹੱਕ ’ਚ ਖੜ੍ਹਾ ਹੈ ਅਤੇ ਕੌਣ ਉਨ੍ਹਾਂ ਦੀਆਂ ਮੰਗਾਂ ਦੇ ਵਿਰੋਧ ’ਚ ਹੈ। ਇਸ ਮੌਕੇ ਅਭਿਮੰਨਿਊ ਕੋਹਾੜ, ਅੰਗਰੇਜ਼ ਸਿੰਘ ਕੋਟਲੀ, ਰਾਜਿੰਦਰ ਸਿੰਘ ਚਹਿਲ ਰਤੀਆ, ਸਰਦੂਲ ਸਿੰਘ ਭੱਟੀ, ਬੰਸੀਲਾਲ ਭੰਗੂ ਆਦਿ ਹਾਜ਼ਰ ਸਨ।