ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਡੀਸੀ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 7 ਅਕਤੂਬਰ
ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਆਈਟੀਯੂ ਦਾ ਵਫ਼ਦ ਗੁਰਨੇਕ ਸਿੰਘ ਭੱਜਲ, ਗੁਰਮੇਸ਼ ਸਿੰਘ ਅਤੇ ਮਹਿੰਦਰ ਕੁਮਾਰ ਬੱਢੋਆਣ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਵਫ਼ਦ ਨੇ ਮੰਗ ਕੀਤੀ ਕਿ ਬੱਢੋਆਣ-ਅਰਨਿਆਲਾ ਸੜਕ ’ਤੇ ਲੱਗ ਰਹੀ ਅੰਬੂਜਾ ਸੀਮਿੰਟ ਫੈਕਟਰੀ ਕਾਰਨ ਇਲਾਕੇ ਦੇ ਪਿੰਡਾਂ ਵਿਚ ਫੈਲਣ ਵਾਲੇ ਪ੍ਰਦੂਸ਼ਣ ਅਤੇ ਪਾਣੀ ਦੂਸ਼ਿਤ ਹੋਣ ਦੇ ਮੱਦੇਨਜ਼ਰ ਪਾਰਟੀ ਆਗੂਆਂ ਤੇ ਇਲਾਕੇ ਦੇ ਮੋਹਤਬਰਾਂ ਨਾਲ ਗੱਲਬਾਤ ਕਰਨ ਉਪਰੰਤ ਹੀ ਫੈਕਟਰੀ ਦੀ ਉਸਾਰੀ ਨੂੰ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ, ਇੰਡਸਟ੍ਰੀਅਲ ਵਿਭਾਗ, ਖੇਤੀਬਾੜੀ ਵਿਭਾਗ ਅਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਜਾਵੇ। ਗੁਰਨੇਕ ਸਿੰਘ ਭੱਜਲ ਨੇ ਕਿਸਾਨਾਂ ਦੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਹੋ ਰਹੀ ਬਰਬਾਦੀ ਸਬੰਧੀ ਵੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਵਫ਼ਦ ਵਿਚ ਕਿਸਾਨ ਸਭਾ ਦੇ ਚੌਧਰੀ ਅੱਛਰ ਸਿੰਘ, ਸੰਤੋਖ ਸਿੰਘ ਭੀਲੋਵਾਲ, ਇੰਦਰਪਾਲ ਸਿੰਘ ਅਹਿਰਾਣਾ, ਪਰਸਨ ਸਿੰਘ ਲਹਿਲੀ ਕਲਾਂ, ਜਸਪ੍ਰੀਤ ਸਿੰਘ ਭੱਜਲ, ਖੇਤ ਮਜ਼ਦੂਰ ਯੂਨੀਅਨ ਦੇ ਮਹਿੰਦਰ ਸਿੰਘ ਭੀਲੋਵਾਲ, ਬਲਵਿੰਦਰ ਸਿੰਘ, ਸੀਟੂ ਦੇ ਬਲਦੇਵ ਸਿੰਘ, ਰਾਮ ਨਿਵਾਸ, ਤਾਰਾ ਮੂਰਲੇ, ਰਾਮ ਕੁਮਾਰ ਆਦਿ ਸ਼ਾਮਿਲ ਸਨ।